ਅਮਰੀਕਾ – ਅਮਰੀਕਾ ਨੇ ਟੀ. ਬੀ. ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਭਾਰਤ ਸਮੇਤ 7 ਦੇਸ਼ਾਂ ਨੂੰ ਇਸ ਬੀਮਾਰੀ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਮਦਦ ਲਈ 5.7 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ ਹੈ। ਦੂਸਰੇ ਦੇਸ਼, ਜਿਨ੍ਹਾਂ ਨੂੰ ਇਹ ਸਹਾਇਤਾ ਦਿੱਤੀ ਜਾ ਰਹੀ ਹੈ, ਉਨ੍ਹਾਂ ਵਿੱਚ ਬੰਗਲਾਦੇਸ਼, ਇੰਡੋਨੇਸ਼ੀਆ, ਫਿਲਪੀਨਜ਼, ਦੱਖਣੀ ਅਫਰੀਕਾ, ਤਾਜਿਕਸਤਾਨ ਅਤੇ ਯੂਕਰੇਨ ਸ਼ਾਮਲ ਹਨ। ਸਰਕਾਰਾਂ ਦੇ ਨਾਲ ਮਿਲ ਕੇ ਕੀਤੀ ਜਾ ਰਹੀ ਇਹ ਪਹਿਲਕਦਮੀ ਕੋਵਿਡ -19 ਮਹਾਮਾਰੀ ਦੇ ਕਾਰਨ ਟੀ. ਬੀ. ਤੋਂ ਠੀਕ ਹੋਣ ਦੀਆਂ ਕੋਸ਼ਿਸ਼ਾਂ ਵਿੱਚ ਆਈ ਘਾਟ ਨੂੰ ਇੱਕ ਆਧਾਰ ਮੁਹੱਈਆ ਕਰੇਗੀ।ਜਿਨ੍ਹਾਂ 23 ਦੇਸ਼ਾਂ ਵਿੱਚ ਯੂ. ਐੱਸ. ਏਜੰਸੀ ਫਾਰ ਇੰਟਰਨੈਸ਼ਨਲ ਡਿਵੈੱਲਪਮੈਂਟ ਨੇ ਆਪਣਾ ਧਿਆਨ ਕੇਂਦ੍ਰਿਤ ਕੀਤਾ ਹੈ, ਉਥੇ ਟੀ. ਬੀ. ਦੀ ਰੋਕਥਾਮ ਤੇ ਇਸ ਦੇ ਕੰਟਰੋਲ ਲਈ ਕੋਵਿਡ-19 ਦੇ ਕਾਰਨ 2019 ਦੇ ਮੁਕਾਬਲੇ 2020 ਵਿੱਚ 10 ਲੱਖ ਤੋਂ ਵੀ ਘੱਟ ਵਿਅਕਤੀਆਂ ਦਾ ਇਸ ਬੀਮਾਰੀ ਦੌਰਾਨ ਇਲਾਜ ਕੀਤਾ ਗਿਆ। ਯੂ. ਐੱਸ. ਆਈ. ਡੀ. ਨੇ ਕਿਹਾ ਕਿ ਕੋਵਿਡ-19 ਦੇ ਨਾਲ ਟੀ. ਬੀ. ਸਭ ਤੋਂ ਵੱਡੀ ਜਾਨਲੇਵਾ ਵਾਇਰਸ ਵਾਲੀ ਬੀਮਾਰੀ ਹੈ, ਖ਼ਾਸ ਕਰਕੇ ਘੱਟ ਅਤੇ ਦਰਮਿਆਨੀ ਆਮਦਨੀ ਵਾਲੇ ਦੇਸ਼ਾਂ ਵਿੱਚ ਹਰ ਸਾਲ ਇਕ ਕਰੋੜ ਲੋਕ ਬੀਮਾਰ ਹੁੰਦੇ ਹਨ ਅਤੇ 14 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਜਿਕਰਯੋਗ ਹੈ ਕਿ ਸਾਲ 2000 ਤੋਂ ਯੂ. ਐੱਸ. ਆਈ. ਡੀ. ਦੇ ਯਤਨਾਂ ਨਾਲ ਛੇ ਕਰੋੜ ਤੋਂ ਵੱਧ ਲੋਕਾਂ ਦੀ ਜਾਨ ਬਚਾਈ ਗਈ ਹੈ।