ਵਾਸ਼ਿੰਗਟਨ – ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਤੇ ਸਹਿਮਤੀ ਬਣੀ ਜਿਸ ਮਗਰੋਂ 11 ਦਿਨ ਤੱਕ ਚੱਲੇ ਖੂਨੀ ਸੰਘਰਸ਼ ਤੇ ਰੋਕ ਲੱਗ ਗਈ। ਇਸ 11 ਦਿਨ ਦੇ ਖੂਨੀ ਸੰਘਰਸ਼ ਵਿਚ ਗਾਜਾ ਪੱਟੀ ਵਿਚ ਵੱਡੇ ਪੱਧਰ ਤੇ ਬਰਬਾਦੀ ਹੋਈ ਅਤੇ 200 ਤੋਂ ਵੱਧ ਵਿਅਕਤੀਆਂ ਦੀ ਜਾਨ ਗਈ। ਸਥਾਨਕ ਸਮੇਂ ਮੁਤਾਬਕ ਜਿਵੇਂ ਹੀ ਜੰਗਬੰਦੀ ਪ੍ਰਭਾਵੀ ਹੋਈ ਗਾਜ਼ਾ ਦੀਆਂ ਸੜਕਾਂ ਤੇ ਜੋਸ਼ ਭਰਪੂਰ ਮਾਹੌਲ ਦਿੱਸਿਆ। ਲੋਕ ਘਰਾਂ ਵਿਚੋਂ ਬਾਹਰ ਆ ਗਏ, ਕੁਝ ਜ਼ੋਰ-ਜ਼ੋਰ ਨਾਲ ਧਾਰਮਿਕ ਨਾਹਰੇ ਲਗਾਉਣ ਲੱਗੇ ਜਾਂ ਆਪਣੀ ਬਾਲਕੋਨੀ ਤੋਂ ਸੀਟੀ ਵਜਾਉਣ ਲੱਗੇ।ਕਈ ਲੋਕਾਂ ਨੇ ਹਵਾ ਵਿਚ ਗੋਲੀਆਂ ਚਲਾਈਆਂ ਅਤੇ ਇਸ ਜੰਗਬੰਦੀ ਦਾ ਜਸ਼ਨ ਮਨਾਇਆ। ਦੋਹਾਂ ਧਿਰਾਂ ਵਿਚਾਲੇ ਪਿਛਲੇ ਤਿੰਨ ਸੰਘਰਸ਼ਾਂ ਦੀ ਤਰ੍ਹਾਂ ਹੀ ਲੜਾਈ ਦਾ ਇਹ ਤਾਜ਼ਾ ਸਿਲਸਿਲਾ ਵੀ ਬਿਨਾਂ ਕਿਸੇ ਨਤੀਜੇ ਦੇ ਖ਼ਤਮ ਹੋਇਆ।ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਫਿਲਸਤੀਨੀਆਂ ਅਤੇ ਇਜ਼ਰਾਇਲੀਆਂ ਨੂੰ ਸੁਰੱਖਿਅਤ ਢੰਗ ਨਾਲ ਜੀਵਨ ਜਿਉਣ ਦਾ ਬਰਾਬਰ ਅਧਿਕਾਰ ਹੈ ਅਤੇ ਸੁਤੰਤਰ, ਖੁਸ਼ਹਾਲ ਅਤੇ ਲੋਕਤੰਤਰ ਦੀ ਸਮਾਨ ਵਿਵਸਥਾ ਨੂੰ ਪ੍ਰਾਪਤ ਕਰਨ ਦਾ ਵੀ ਹੱਕ ਹੈ। ਬਾਈਡੇਨ ਨੇ ਵ੍ਹਾਈਟ ਹਾਊਸ ਵਿਚ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਫਿਲਸਤੀਨੀਆਂ ਅਤੇ ਇਜ਼ਰਾਇਲੀਆਂ ਨੂੰ ਬਰਾਬਰ ਢੰਗ ਨਾਲ ਸੁਰੱਖਿਅਤ ਜੀਵਨ ਜਿਉਣ ਦਾ ਅਤੇ ਸੁਤੰਤਰ, ਖੁਸ਼ਹਾਲ ਅਤੇ ਲੋਕਤੰਤਰ ਦੇ ਬਰਾਬਰ ਉਪਾਵਾਂ ਨੂੰ ਹਾਸਲ ਕਰਨ ਦਾ ਅਧਿਕਾਰ ਹੈ। ਉਨ੍ਹਾਂ ਦਾ ਪ੍ਰਸ਼ਾਸਨ ਇਸ ਦਿਸ਼ਾ ਵਿਚ ਸ਼ਾਂਤੀ ਅਤੇ ਲਗਾਤਾਰ ਕੂਟਨੀਤੀ ਨੂੰ ਜਾਰੀ ਰੱਖੇਗਾ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਕੋਲ ਤਰੱਕੀ ਕਰਨ ਦੇ ਅਸਲ ਮੌਕੇ ਹਨ ਅਤੇ ਉਹ ਇਸ ਤੇ ਕੰਮ ਕਰਨ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਸੰਯੁਕਤ ਰਾਸ਼ਟਰ ਨਾਲ ਮਿਲ ਕੇ ਗਾਜ਼ਾ ਦੇ ਲੋਕਾਂ ਨੂੰ ਤੁਰੰਤ ਮਨੁੱਖੀ ਮਦਦ ਉਪਲਬਧ ਕਰਾਉਣ ਲਈ ਵਚਨਬੱਧ ਹੈ। ਇਜ਼ਰਾਈਲ ਨੇ ਹਮਾਸ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਣ ਦਾ ਦਾਅਵਾ ਕੀਤਾ ਹੈ।ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਜੰਗਬੰਦੀ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਕਈ ਦਿਨਾਂ ਤੱਕ ਚੱਲੀ ਜੰਗ ਰੁਕਣ ਦੀ ਖੁਸ਼ੀ ਹੈ। ਯੁੱਧ ਰੁਕਵਾਉਣ ਵਿਚ ਇਜੀਪਟ ਅਤੇ ਕਤਰ ਦਾ ਯੋਗਦਾਨ ਪ੍ਰਸ਼ੰਸਾਯੋਗ ਹੈ। ਉਨ੍ਹਾਂ ਨੇ ਜੰਗ ਵਿਚ ਮਰਨ ਵਾਲੇ ਲੋਕਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਯੁੱਧ ਵਿਚ ਤਬਾਹ ਹੋਏ ਬੁਨਿਆਦੀ ਢਾਂਚੇ ਨੂੰ ਮੁੜ ਵਿਕਸਿਤ ਕਰਨ ਲਈ ਇਕੱਠੇ ਆਉਣਾ ਚਾਹੀਦਾ ਹੈ।