ਨਵੀਂ ਦਿੱਲੀ – ਸੈਕਸ ਸ਼ੌਸ਼ਣ ਮਾਮਲੇ ਵਿੱਚ ਪੱਤਰਕਾਰ ਤਰੁਣ ਤੇਜਪਾਲ ਨੂੰ ਵੱਡੀ ਰਾਹਤ ਮਿਲੀ ਹੈ। 8 ਸਾਲਾਂ ਬਾਅਦ ਗੋਆ ਦੀ ਸੈਸ਼ਨ ਕੋਰਟ ਨੇ ਤਰੁਣ ਤੇਜਪਾਲ ਨੂੰ ਬਰੀ ਕਰ ਦਿੱਤਾ ਹੈ। ਗੋਆ ਸਰਕਾਰ ਦਾ ਕਹਿਣਾ ਹੈ ਕਿ ਉਹ ਇਸ ਫੈਸਲੇ ਨੂੰ ਚੁਣੌਤੀ ਦੇਣਗੇ। ਜਿਕਰਯੋਗ ਹੈ ਕਿ ਤਹਿਲਕਾ ਮੈਗਜ਼ੀਨ ਦੇ ਸਾਬਕਾ ਪ੍ਰਧਾਨ ਸੰਪਾਦਕ ਤਰੁਣ ਤੇਜਪਾਲ ਤੇ 2013 ਵਿੱਚ ਗੋਆ ਦੇ ਇਕ ਲਗਜ਼ਰੀ ਹੋਟਲ ਦੀ ਲਿਫਟ ਵਿੱਚ ਮਹਿਲਾ ਸਾਥੀ ਨਾਲ ਸੈਕਸ ਸ਼ੋਸ਼ਣ ਕਰਨ ਦਾ ਦੋਸ਼ ਲੱਗਾ ਸੀ।ਪੱਤਰਕਾਰ ਤਰੁਣ ਤੇਜਪਾਲ ਤੇ ਸਾਥੀ ਕਰਮਚਾਰੀ ਨੇ ਹੀ ਸੈਕਸ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਗੋਆ ਪੁਲੀਸ ਨੇ ਨਵੰਬਰ 2013 ਵਿੱਚ ਐੱਫ.ਆਈ.ਆਰ. ਦਰਜ ਕੀਤੀ ਸੀ। ਫਿਰ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਉਹ ਮਈ 2014 ਤੋਂ ਜਮਾਨਤ ਤੇ ਬਾਹਰ ਹਨ। ਗੋਆ ਪੁਲੀਸ ਨੇ ਫਰਵਰੀ 2014 ਵਿੱਚ ਉਨ੍ਹਾਂ ਖ਼ਿਲਾਫ਼ 2846 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ।ਉਨ੍ਹਾਂ ਤੇ ਆਈ.ਪੀ.ਸੀ. ਦੀ ਧਾਰਾ 342 (ਗਲਤ ਤਰੀਕੇ ਨਾਲ ਰੋਕਣਾ), 342 (ਗਲਤ ਇਰਾਦੇ ਨਾਲ ਕੈਦ ਕਰਨਾ), 354 (ਇੱਜ਼ਤ ਲੁੱਟਣ ਦੇ ਇਰਾਦੇ ਨਾਲ ਹਮਲਾ ਜਾਂ ਅਪਰਾਧਿਕ ਸ਼ਕਤੀ ਦੀ ਵਰਤੋਂ ਕਰਨਾ), 354-ਏ (ਸੈਕਸ ਸ਼ੋਸ਼ਣ), 376 (2) (ਮਹਿਲਾ ਤੇ ਅਧਿਕਾਰ ਦੀ ਸਥਿਤੀ ਰੱਖਣ ਵਾਲੇ ਵਿਅਕਤੀ ਦੁਆਰਾ ਬਲਾਤਕਾਰ) ਅਤੇ 376 (2) (ਕੇ) (ਨਿਯੰਤਰਣ ਕਰ ਸਕਣ ਦੀ ਸਥਿਤੀ ਵਾਲੇ ਵਿਅਕਤੀ ਦੁਆਰਾ ਬਲਾਤਕਾਰ) ਤਹਿਤ ਮੁਕੱਦਮਾ ਚੱਲਿਆ।ਉਨ੍ਹਾਂ ਤੇ ਸਾਥੀ ਮਹਿਲਾ ਪੱਤਰਕਾਰ ਨੇ ਦੋਸ਼ ਲਗਾਇਆ ਸੀ ਕਿ ਗੋਆ ਵਿੱਚ ਤਹਿਲਕਾ ਦਾ ਇਕ ਈਵੈਂਟ ਸੀ, ਉਸ ਰਾਤ ਜਦੋਂ ਉਹ ਇਕ ਮਹਿਮਾਨ ਨੂੰ ਉਸ ਦੇ ਕਮਰੇ ਤੱਕ ਛੱਡ ਕੇ ਵਾਪਸ ਆ ਰਹੀ ਸੀ ਤਾਂ ਇਸੇ ਹੋਟਲ ਦੇ ਬਲਾਕ 7 ਦੀ ਇਕ ਲਿਫਟ ਦੇ ਸਾਹਮਣੇ ਉਸ ਨੂੰ ਉਸ ਦੇ ਬੌਸ ਤਰੁਣ ਤੇਜਪਾਲ ਮਿਲ ਗਏ। ਤੇਜਪਾਲ ਨੇ ਮਹਿਮਾਨ ਨੂੰ ਦੁਬਾਰਾ ਜਗਾਉਣ ਦੀ ਗੱਲ ਕਹਿ ਕੇ ਅਚਾਨਕ ਉਸ ਨੂੰ ਵਾਪਸ ਉਸੇ ਲਿਫਟ ਦੇ ਅੰਦਰ ਖਿੱਚ ਲਿਆ।ਗੋਆ ਪੁਲੀਸ ਨੂੰ ਦਿੱਤੇ ਗਏ ਬਿਆਨ ਵਿੱਚ ਲੜਕੀ ਨੇ ਕਿਹਾ ਸੀ ਕਿ ਅਜੇ ਉਹ ਕੁਝ ਸਮਝ ਪਾਉਂਦੀ, ਇਸੇ ਦਰਮਿਆਨ ਤੇਜਪਾਲ ਨੇ ਲਿਫਟ ਦੇ ਬਟਨ ਕੁਝ ਇਸ ਤਰ੍ਹਾਂ ਦਬਾਉਣੇ ਸ਼ੁਰੂ ਕੀਤੇ, ਜਿਸ ਨਾਲ ਨਾ ਤਾਂ ਲਿਫਟ ਕਿਤੇ ਰੁਕੇ ਅਤੇ ਨਾ ਹੀ ਦਰਵਾਜਾ ਖੁੱਲ੍ਹੇ। ਤੇਜਪਾਲ ਨੇ ਇਸੇ ਬੰਦ ਲਿਫਟ ਵਿੱਚ ਜੋ ਕੁਝ ਕੀਤਾ, ਜਦੋਂ ਉਸ ਦੇ ਰਾਜ਼ ਖੁੱਲ੍ਹੇ ਤਾਂ ਤਰੁਣ ਤੇਜਪਾਲ ਦੀ ਜ਼ਿੰਦਗੀ ਵਿੱਚ ਤਹਿਲਕਾ ਮਚ ਗਿਆ।