ਢਾਕਾ – ਬੰਗਲਾਦੇਸ਼ ਵਿਚ ਸਮਰੱਥਾ ਤੋਂ ਵੱਧ ਭਰੀ ਇਕ ਸਪੀਡ ਕਿਸ਼ਤੀ ਰੇਤ ਨਾਲ ਲੱਦੇ ਇਕ ਜਹਾਜ਼ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਇਸ ਘਟਨਾ ਵਿਚ 26 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਲਾਪਤਾ ਹਨ। ਪੁਲੀਸ ਮੁਤਾਬਕ ਇਸ ਕਿਸ਼ਤੀ ਨੂੰ ਕਥਿਤ ਤੌਰ ਤੇ ਗੈਰ-ਤਜ਼ਰੇਬਕਾਰ ਨਾਬਾਲਗ ਮੁੰਡਾ ਚਲਾ ਰਿਹਾ ਸੀ। ਇਹ ਹਾਦਸਾ ਅੱਜ ਸਵੇਰੇ ਬਾਂਗਲਾਬਾਜ਼ਾਰ ਫੇਰੀ ਘਾਟ ਤੇ ਵਾਪਰਿਆ ਜਦੋਂ ਸਮਰੱਥਾ ਤੋਂ ਵੱਧ ਭਰੀ ਸਪੀਡ ਕਿਸ਼ਤੀ ਦੀ ਜਹਾਜ਼ ਨਾਲ ਟੱਕਰ ਹੋ ਗਈ।ਪੁਲੀਸ ਦੇ ਇਕ ਅਧਿਕਾਰੀ ਨੇ ਮੌਕੇ ਤੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ 26 ਲਾਸ਼ਾਂ ਕੱਢੀਆਂ ਹਨ ਅਤੇ 5 ਵਿਅਕਤੀਆਂ ਨੂੰ ਜ਼ਿੰਦਾ ਬਚਾਇਆ ਹੈ ਪਰ ਸਪੀਡ ਕਿਸ਼ਤੀ ਦੀਆਂ ਕਈ ਸਵਾਰੀਆਂ ਦੇ ਲਾਪਤਾ ਹੋਣ ਦਾ ਖਦਸ਼ਾ ਹੈ, ਇਸ ਲਈ ਖੋਜ ਮੁਹਿੰਮ ਜਾਰੀ ਹੈ। ਨੇੜਲੇ ਫੇਰੀ ਟਰਮੀਨਲ ਦੇ ਪੁਲੀਸ ਇੰਸਪੈਕਟਰ ਆਸ਼ਿਕ-ਉਰ-ਰਹਿਮਾਨ ਨੇ ਕਿਹਾ ਕਿ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਕਿਸ਼ਤੀ ਦਾ ਡਰਾਈਵਰ ਗੈਰ ਤਜ਼ਰੇਬਕਾਰ ਨਾਬਾਲਗ ਲੜਕਾ ਸੀ। ਉਹਨਾਂ ਨੇ ਦੱਸਿਆ ਕਿ ਚਸ਼ਮਦੀਦਾਂ ਅਤੇ ਪੀੜਤਾਂ ਨੇ ਦੱਸਿਆ ਕਿ ਕਿਸ਼ਤੀ ਵਿਚ 30 ਸਵਾਰੀਆਂ ਸਨ ਅਤੇ ਜਹਾਜ਼ ਮਦਰੀਪੁਰ ਦੇ ਸ਼ਿਬਚਰ ਸ਼ਹਿਰ ਨੇੜੇ ਪਦਮ ਨਦੀ ਵਿਚ ਰੇਤ ਲਿਜਾ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਮੁਹਿੰਮ ਜਾਰੀ ਹੈ।