ਮੈਕਸੀਕੋ – ਮੈਕਸੀਕੋ ਸਿਟੀ ਵਿਚ ਬੀਤੀ ਰਾਤ ਮੈਟਰੋ ਪੁਲ ਦਾ ਖੰਭਾ ਡਿੱਗ ਪਿਆ। ਇਸ ਹਾਦਸੇ ਵਿਚ ਮਲਬੇ ਹੇਠ ਦੱਬ ਜਾਣ ਕਾਰਨ 13 ਵਿਅਕਤੀਆਂ ਦੀ ਮੌਤ ਹੋ ਗਈ। ਮੈਕਸੀਕੋ ਸਿਟੀ ਦੀ ਨਾਗਰਿਕ ਸੁਰੱਖਿਆ ਏਜੰਸੀ ਨੇ ਟਵੀਟ ਕਰ ਕੇ ਦੱਸਿਆ ਕਿ ਰਾਜਧਾਨੀ ਦੇ ਦੱਖਣੀ ਹਿੱਸੇ ਵਿਚ ਵਾਪਰੇ ਹਾਦਸੇ ਵਿਚ 70 ਵਿਅਕਤੀ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ।ਘਟਨਾਸਥਲ ਤੇ ਪਹੁੰਚੀ ਮੈਕਸੀਕੋ ਸਿਟੀ ਦੀ ਮੇਅਰ ਕਲਾਊਡੀਆ ਸ਼ਿਨਬੌਮ ਨੇ ਦੱਸਿਆ ਕਿ ਪੁਲ ਦਾ ਖੰਭਾ ਡਿੱਗਣ ਕਾਰਨ ਇਹ ਹਾਦਸਾ ਵਾਪਰਿਆ ਹੈ। ਖੰਭਾ ਡਿੱਗਣ ਨਾਲ ਪੁਲ ਦਾ ਇਕ ਹਿੱਸਾ ਸੜਕ ਤੇ ਡਿੱਗ ਪਿਆ, ਜਿਸ ਨਾਲ ਮਲਬੇ ਹੇਠ ਕਈ ਕਾਰਾਂ ਦੱਬੀਆਂ ਗਈਆਂ। ਹਾਦਸਾ ਸਥਾਨਕ ਸਮੇਂ ਮੁਤਾਬਕ ਰਾਤ ਕਰੀਬ ਸਾਢੇ 10 ਵਜੇ ਵਾਪਰਿਆ। ਘਟਨਾ ਦੇ ਕੁਝ ਵੀਡੀਓ ਵੀ ਸਾਹਮਣੇ ਆਏ ਹਨ, ਜਿਸ ਵਿਚ ਟਰੇਨ ਦਾ ਇਕ ਹਿੱਸਾ ਨੁਕਸਾਨਿਆ ਗਿਆ ਦਿਖ ਰਿਹਾ ਹੈ।ਬਚਾਅਕਰਮੀ ਲੋਕਾਂ ਨੂੰ ਕੱਢਦੇ ਨਜ਼ਰ ਆ ਰਹੇ ਹਨ। ਮੈਟਰੋ-ਲਾਈਨ 12 ਤੇ ਇਹ ਹਾਦਸਾ ਵਾਪਰਿਆ। ਇਸ ਲਾਈਨ ਦੇ ਨਿਰਮਾਣ ਵਿਚ ਕਈ ਤਰ੍ਹਾਂ ਦੀਆਂ ਬੇਨਿਯਮੀਆਂ ਵਰਤੀਆਂ ਜਾਣ ਦੇ ਦੋਸ਼ ਲੱਗੇ ਸਨ। ਮੈਕਸੀਕੋ ਦੇ ਵਿਦੇਸ਼ ਮੰਤਰੀ ਮਾਰਸੇਲੋ ਇਬਰਾਡ ਨੇ ਟਵੀਟ ਕੀਤਾ ਕਿ ਇਹ ਦਰਦਨਾਕ ਹਾਦਸਾ ਵਾਪਰਿਆ ਹੈ।