ਵਾਸ਼ਿੰਗਟਨ – ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਅਮਰੀਕਾ ਕਰੋਨਾ ਮਹਾਮਾਰੀ ਦੀ ਭਿਆਨਕ ਸਥਿਤੀ ਨਾਲ ਜੂਝ ਰਹੇ ਭਾਰਤ ਤੇ ਉਸ ਦੇ ਸਿਹਤ ਯੋਧਿਆਂ ਨੂੰ ਤੁਰੰਤ ਵਾਧੂ ਮਦਦ ਦੇਵੇਗਾ। ਉਨ੍ਹਾਂ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ’ਤੇ ਕੋਵਿਡ-19 ਟੀਕਿਆਂ ਸਣੇ ਹੋਰ ਜੀਵਨ ਰੱਖਿਅਕ ਦਵਾਈਆਂ ਦੀ ਸਪਲਾਈ ਭਾਰਤ ਨੂੰ ਭੇਜਣ ਲਈ ਦਬਾਅ ਵਧ ਰਿਹਾ ਹੈ। ਬਲਿੰਕਨ ਨੇ ਐਤਵਾਰ ਰਾਤ ਨੂੰ ਟਵੀਟ ਕੀਤਾ, ‘ਕੋਵਿਡ-19 ਮਹਾਮਾਰੀ ਦੇ ਭਿਆਨਕ ਪ੍ਰਕੋਪ ਦੌਰਾਨ ਸਾਡੀ ਹਮਦਰਦੀ ਭਾਰਤੀ ਲੋਕਾਂ ਦੇ ਨਾਲ ਹੈ।’ ਉਨ੍ਹਾਂ ਕਿਹਾ, ‘ਅਸੀਂ ਭਾਰਤ ਸਰਕਾਰ ’ਚ ਆਪਣੇ ਭਾਈਵਾਲਾਂ ਨਾਲ ਨੇੜਿਓਂ ਕੰਮ ਕਰ ਰਹੇ ਹਾਂ ਅਤੇ ਭਾਰਤ ਦੇ ਲੋਕਾਂ ਅਤੇ ਭਾਰਤੀ ਸਿਹਤ ਸੰਭਾਲ ਦੇ ਯੋਧਿਆਂ ਲਈ ਤੇਜ਼ੀ ਨਾਲ ਹੋਰ ਮਦਦ ਭੇਜਾਂਗੇ।’ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਕਿਹਾ ਕਿ ਭਾਰਤ ’ਚ ਕਰੋਨਾ ਦੇ ਪ੍ਰਕੋਪ ਤੋਂ ਅਮਰੀਕਾ ਬਹੁਤ ਚਿੰਤਤ ਹੈ। ਉਨ੍ਹਾਂ ਕਿਹਾ, ‘ਅਸੀਂ ਇਸ ਆਲਮੀ ਮਹਾਮਾਰੀ ਨਾਲ ਬਹਾਦਰੀ ਨਾਲ ਲੜ ਰਹੇ ਹਾਂ ਅਤੇ ਆਪਣੇ ਭਾਈਵਾਲਾਂ ਨੂੰ ਵੱਧ ਸਹਾਇਤਾ ਤੇ ਸਪਲਾਈ ਭੇਜਣ ਲਈ ਹਰ ਸਮੇਂ ਕੰਮ ਰਹੇ ਹਾਂ।’ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਅਮਰੀਕਾ ਭਾਰਤੀ ਅਧਿਕਾਰੀਆਂ, ਜਿਸ ਵਿੱਚ ਸਿਆਸੀ ਅਤੇ ਮਾਹਿਰ ਲੋਕ ਸ਼ਾਮਲ ਹਨ, ਨਾਲ ਕੰਮ ਕਰਕੇ ਤਰੀਕਾ ਲੱਭ ਰਿਹਾ ਹੈ ਕਿ ਸੰਕਟ ਦੌਰਾਨ ਕਿਸ ਤਰ੍ਹਾਂ ਭਾਰਤ ਦੀ ਮਦਦ ਕੀਤੀ ਜਾਵੇ। ਵਿਦੇਸ਼ ਮੰਤਰਾਲੇ ਦੀ ਉਪ ਤਰਜਮਾਨ ਜੇਲੀਨਾ ਪੋਰਟਰ ਨੇ ਵੀ ਕਿਹਾ ਕਿ ਜ਼ੂਰਰੀ ਸਪਲਾਈ ਲਈ ਅਮਰੀਕਾ ਲਗਾਤਾਰ ਭਾਰਤ ਨਾਲ ਨੇੜਿਓਂ ਕੰਮ ਕਰ ਰਿਹਾ ਹੈ।ਜ਼ਿਕਰਯੋਗ ਹੈ ਕਿ ਕਈ ਅਮਰੀਕੀ ਕਾਨੂੰਨਘਾੜਿਆਂ, ਅਹਿਮ ਭਾਰਤੀ-ਅਮਰੀਕੀਆਂ ਅਤੇ ਤਾਕਤਵਰ ਯੂਐੱਸ ਚੈਂਬਰ ਆਫ਼ ਕਾਮਰਸ ਨੇ ਭਾਰਤ ਦੇ ਹਾਲਾਤ ’ਤੇ ਚਿੰਤਾ ਪ੍ਰਗਟਾਉਂਦਿਆਂ ਬਾਇਡਨ ਪ੍ਰਸ਼ਾਸਨ ਨੂੰ ਹੋਰ ਮਦਦ, ਵੈਕਸੀਨ ਹੋਰ ਅਤਿ ਲੋਂੜੀਦਾ ਕੱਚਾ ਮਾਲ ਭਾਰਤ ਨੂੰ ਭੇਜਣ ਦੀ ਅਪੀਲ ਕੀਤੀ ਸੀ। ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਬਾਇਡਨ ਪ੍ਰਸ਼ਾਸਨ ਨੂੰ ਭਾਰਤ ਤੇ ਅਰਜਨਟੀਨਾ ਸਣੇ ਵੱਡੀ ਪੱਧਰ ’ਤੇ ਕਰੋਨਾ ਮਹਾਮਾਰੀ ਦਾ ਸ਼ਿਕਾਰ ਹੋਰ ਦੇਸ਼ਾਂ ਲਈ ਐਸਟਰਾਜ਼ੈਨੇਕਾ ਵੈਕਸੀਨ ਦੀਆਂ ਖੁਰਾਕਾਂ ਭੇਜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, ‘ਜਦੋਂ ਭਾਰਤ ਅਤੇ ਹੋਰ ਕਿਤੇ ਲੋਕਾਂ ਨੂੰ ਸਖ਼ਤ ਲੋੜ ਹੈ ਤਾਂ ਅਸੀਂ ਵੈਕਸੀਨ ਨੂੰ ਗੋਦਾਮ ’ਚ ਨਹੀਂ ਰੱਖ ਸਕਦੇ। ਸਾਨੂੰ ਇਹ ਉੱਥੇ ਭੇਜਣ ਦੀ ਲੋੜ ਹੈ ਜਿੱਥੇ ਇਸ ਨਾਲ ਜਾਨਾਂ ਬਚਾਈਆਂ ਜਾ ਸਕਣ।’ ਜੋਅ ਬਾਇਡਨ ਦੀ ਰਾਸ਼ਟਰਪਤੀ ਚੋਣ ਦਾ ਮੁਹਿੰਮ ਦਾ ਹਿੱਸਾ ਰਹੀ ਭਾਰਤੀ-ਅਮਰੀਕੀ ਸੋਨਲ ਸ਼ਾਹ ਕਿਹਾ ਹੈ ਕਿ ਉਨ੍ਹਾਂ ਨੇ ਭਾਰਤ ’ਚ ਆਪਣੇ ਪਰਿਵਾਰ ਦੇ ਮੈਂਬਰ ਗੁਆਏ ਹਨ। ਸ਼ਾਹ ਮੁਤਾਬਕ, ‘ਭਾਰਤ ’ਚ ਕਰੋਨਾ ਸੰਕਟ ਬਹੁਤ ਭਿਆਨਕ ਹੈ ਅਤੇ ਇਹ ਇੱਕ ਮਨੁੱਖੀ ਤ੍ਰਾਸਦੀ ਬਣ ਸਕਦਾ ਹੈ। ਸਾਡੀ ਸਰਕਾਰ ਨੂੰ ਕੁਝ ਕਰਨ ਦੀ ਲੋੜ ਹੈ।’ ਹੈਰੀਟੇਜ ਫਾਊਂਡੇਸ਼ਨ ਥਿੰਕ ਟੈਂਕ ਦੇ ਜੈਫ ਐੱਮ. ਸਮਿਥ ਨੇ ਕਿਹਾ, ‘ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਪਿਛਲੇ ਸਾਲ ਅਮਰੀਕਾ ਨੂੰ ਲੋੜ ਸਮੇਂ ਭਾਰਤ ਨੇ ਘਰੇਲੂ ਪੱਧਰ ’ਤੇ ਆਲੋਚਨਾ ਸਹਿਣ ਦੇ ਬਾਵਜੂਦ ਹਾਈਡ੍ਰੌਕਸੀਕਲੋਰੋਕੁਈਨ ਦਵਾਈ ਦੀ ਬਰਾਮਦ ਤੋਂ ਪਾਬੰਦੀ ਹਟਾ ਦਿੱਤੀ ਸੀ।’