ਸ੍ਰੀ ਅਨੰਦਪੁਰ ਸਾਹਿਬ, 24 ਜਨਵਰੀ 2024 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਨਿੱਜੀ ਦਿਲਚਸਪੀ ਦੇ ਨਾਲ ਪੰਜਾਬ ਨੂੰ ਦਰਪੇਸ਼ ਬਹੁਮੁਖੀ ਤੇ ਬਹੁਪੱਖੀ ਸੰਕਟਾਂ ਦੇ ਹੱਲ ਤਲਾਸ਼ਣ ਲਈ ਉਸਾਰੂ ਮਾਹੌਲ ਅਤੇ ਵਿਆਪਕ ਵਿਚਾਰ-ਪ੍ਰਬੰਧ ਦੀ ਸਿਰਜਣਾ ਦੇ ਉਪਰਾਲਿਆਂ ਦੀ ਸ਼ੁਰੂਆਤ ਤਹਿਤ ‘ਪੰਜਾਬ: ਮੌਜੂਦਾ ਸੰਕਟ ਅਤੇ ਹੱਲ’ ਵਿਸ਼ੇ ‘ਤੇ ਸੈਮੀਨਾਰ 27 ਜਨਵਰੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਵਿਚ ਇਸ ਵੇਲੇ ਬਣੇ ਹੋਏ ਅਨਿਸ਼ਚਤਤਾ ਦੇ ਹਾਲਾਤਾਂ ਅਤੇ ਵਿਚਾਰਧਾਰਕ ਰਾਜਨੀਤੀ ਵਿਚ ਆਈ ਖੜੋਤ ਦੇ ਮੱਦੇਨਜ਼ਰ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਨੇ ਇਕ ਖੇਤਰੀ ਤੇ ਪੰਥਕ ਜਥੇਬੰਦੀ ਹੋਣ ਦੇ ਨਾਤੇ ਜਿੱਥੇ ‘ਪੰਜਾਬ ਬਚਾਓ ਯਾਤਰਾ’ ਸ਼ੁਰੂ ਕਰਕੇ ਆਮ ਲੋਕਾਂ ਵਿਚ ਚੇਤਨਾ ਜਗਾਉਣ ਦਾ ਫੈਸਲਾ ਕੀਤਾ ਸੀ ਉੱਥੇ ਪੰਜਾਬ ਨੂੰ ਨਵੇਂ ਅਤੇ ਉੱਜਲ਼ ਰਾਹ ਵੱਲ ਤੋਰਨ ਲਈ ਪੰਜਾਬ ਹਿਤੈਸ਼ੀ ਬੁੱਧੀਜੀਵੀਆਂ, ਵਿਦਵਾਨਾਂ ਅਤੇ ਚਿੰਤਕਾਂ ਦੀ ਵਿਆਪਕ ਸਾਂਝੀ ਰਾਇ ਕਾਇਮ ਕਰਨ ਵਾਸਤੇ ਵੱਖ-ਵੱਖ ਥਾਵਾਂ ‘ਤੇ ਲੜੀਵਾਰ ਸੈਮੀਨਾਰ ਕਰਵਾਉਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸੇ ਲੜੀ ਤਹਿਤ ਪਹਿਲਾ ਸੈਮੀਨਾਰ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ 27 ਜਨਵਰੀ, ਐਤਵਾਰ ਨੂੰ ਸਵੇਰੇ 11.30 ਵਜੇ ਹੋਵੇਗਾ, ਜਿਸ ਦੇ ਪ੍ਰਮੁੱਖ ਬੁਲਾਰਿਆਂ ਵਿਚ ਪ੍ਰਸਿੱਧ ਅਰਥ ਸ਼ਾਸਤਰੀ ਡਾ. ਰਣਜੀਤ ਸਿੰਘ ਘੁੰਮਣ, ਰੋਜ਼ਾਨਾ ਅਜੀਤ ਦੇ ਕਾਰਜਕਾਰੀ ਸੰਪਾਦਕ ਸ. ਸਤਨਾਮ ਸਿੰਘ ਮਾਣਕ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸ਼ਹੀਦ ਭਗਤ ਸਿੰਘ ਚੇਅਰ ਦੇ ਮੁਖੀ ਡਾ. ਰੌਣਕੀ ਰਾਮ, ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾ. ਪਿਆਰੇ ਲਾਲ ਗਰਗ ਅਤੇ ਸੀਨੀਅਰ ਪੱਤਰਕਾਰ ਸ. ਹਮੀਰ ਸਿੰਘ ਚੰਡੀਗੜ੍ਹ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਸੈਮੀਨਾਰ ਵਿਚ ਵਿਦਵਾਨਾਂ ਦੇ ਕੁੰਜੀਵਤ ਵਿਚਾਰ ਸੁਣਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੀ ਪੂਰਾ ਸਮਾਂ ਹਾਜ਼ਰ ਰਹੇਗੀ ਤਾਂ ਜੋ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਰੌਸ਼ਨ ਬਣਾਉਣ ਦੇ ਸਾਂਝੇ ਤੇ ਵਿਆਪਕ ਯਤਨਾਂ ਦਾ ਬਾਨਣੂੰ ਬੰਨ੍ਹਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਸੈਮੀਨਾਰ ਵਿਚ ਵੱਖ-ਵੱਖ ਸਿਆਸੀ ਵਿਚਾਰਧਾਰਾਵਾਂ ਨਾਲ ਜੁੜੀਆਂ ਮਹੱਤਵਪੂਰਨ ਸ਼ਖ਼ਸੀਅਤਾਂ ਨੂੰ ਵੀ ਹਰ ਤਰ੍ਹਾਂ ਦੇ ਵਖਰੇਵੇਂ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਬਚਾਉਣ ਦੀ ਸੋਚ ਲੈ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।