ਕੋਲਕਾਤਾ – ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੰਗਾਲ ਵਿੱਚ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਭਾਜਪਾ ਅਤੇ ਟੀ.ਐੱਮ.ਸੀ. ਵਿਚਕਾਰ ਜਾਰੀ ਦੋਸ਼ਾਂ ਦਰਮਿਆਨ ਚੋਣ ਕਮਿਸ਼ਨ ਦੀ ਕਾਰਵਾਈ ਨੇ ਨਵਾਂ ਭੂਚਾਲ ਖੜ੍ਹਾ ਕਰ ਦਿੱਤਾ ਹੈ। ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਚੋਣ ਪ੍ਰਚਾਰ ਤੇ 24 ਘੰਟਿਆਂ ਲਈ ਪਾਬੰਦੀ ਲਗਾਏ ਜਾਣ ਦੇ ਚੋਣ ਕਮਿਸ਼ਨ ਦੇ ਫੈਸਲੇ ਦੇ ਵਿਰੋਧ ਵਿੱਚ ਕੋਲਕਾਤਾ ਵਿੱਚ ਧਰਨਾ ਸ਼ੁਰੂ ਕਰ ਦਿੱਤਾ ਹੈ।ਚੋਣ ਕਮਿਸ਼ਨ ਨੇ ਵੱਡਾ ਕਦਮ ਚੁੱਕਦੇ ਹੋਏ ਅਗਲੇ 24 ਘੰਟਿਆਂ ਤਕ ਮਮਤਾ ਬੈਨਰਜੀ ਦੇ ਚੋਣ ਪ੍ਰਚਾਰ ਕਰਨ ਤੇ ਰੋਕ ਲਗਾ ਦਿੱਤੀ ਹੈ। ਕੇਂਦਰੀ ਬਲਾਂ ਖਿਲਾਫ ਉਨ੍ਹਾਂ ਦੀ ਟਿੱਪਣੀ ਅਤੇ ਕਥਿਤ ਤੌਰ ਤੇ ਧਾਰਮਿਕ ਲਹਿਜੇ ਵਾਲੇ ਬਿਆਨ ਤੋਂ ਬਾਅਦ ਚੋਣ ਕਮਿਸ਼ਨ ਨੇ ਹੁਕਮ ਜਾਰੀ ਕੀਤਾ ਸੀ। ਚੋਣ ਕਮਿਸ਼ਨ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਕਮਿਸ਼ਨ ਪੂਰੇ ਰਾਜ ਵਿੱਚ ਕਾਨੂੰਨ ਵਿਵਸਥਾ ਦੀਆਂ ਗੰਭੀਰ ਸਮੱਸਿਆਵਾਂ ਪੈਦਾ ਕਰਨ ਵਾਲੇ ਅਜਿਹੇ ਬਿਆਨਾਂ ਦੀ ਨਿੰਦਾ ਕਰਦਾ ਹੈ ਅਤੇ ਉਨ੍ਹਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਸਲਾਹ ਦਿੰਦਾ ਹੈ ਕਿ ਚੋਣ ਜ਼ਾਬਤਾ ਲਾਗੂ ਹੋਣ ਦੌਰਾਨ ਅਜਿਹੇ ਬਿਆਨਾਂ ਦੀ ਵਰਤੋਂ ਕਰਨ ਤੋਂ ਬਚੇ।ਕਮਿਸ਼ਨ ਦੇ ਫੈਸਲੇ ਦੇ ਜਵਾਬ ਵਿੱਚ ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਚੋਣ ਕਮਿਸ਼ਨ ਦੇ ਅਲੋਕਤਾਂਤਰਿਕ ਅਤੇ ਅਸਵਿਧਾਨਕ ਫੈਸਲੇ ਦੇ ਵਿਰੋਧ ਵਿੱਚ ਉਹ ਅੱਜ12 ਵਜੇ ਤੋਂ ਗਾਂਧੀ ਮੂਰਤੀ, ਕੋਲਕਾਤਾ ਤੇ ਧਰਨੇ ਤੇ ਬੈਠਣਗੇ। ਚੋਣ ਕਮਿਸ਼ਨ ਤੇ ਨਿਸ਼ਾਨਾ ਸਾਧਦਿਆਂ ਟੀ.ਐੱਮ.ਸੀ. ਦੇ ਰਾਸ਼ਟਰੀ ਉਪ-ਪ੍ਰਧਾਨ ਯਸ਼ਵੰਤ ਸਿਨ੍ਹਾ ਨੇ ਕਿਹਾ ਕਿ ਲੋਕਤੰਤਰ ਦੀ ਹਰ ਸੰਸਥਾ ਨਾਲ ਸਮਝੌਤਾ ਕੀਤਾ ਗਿਆ ਹੈ। ਸਾਨੂੰ ਚੋਣ ਕਮਿਸ਼ਨ ਦੀ ਨਿਰਪੱਖਤਾ ਬਾਰੇ ਹਮੇਸ਼ਾ ਸ਼ੱਕ ਸੀ ਪਰ ਅੱਜ ਉਸ ਨੇ ਜੋ ਵੀ ਦਿਖਾਵਾ ਕੀਤਾ ਹੈ, ਉਹ ਸਪਸ਼ਟ ਹੈ। ਹੁਣ ਇਹ ਸਪਸ਼ਟ ਹੈ ਕਿ ਚੋਣ ਕਮਿਸ਼ਨ ਮੋਦੀ/ਸ਼ਾਹ ਦੇ ਇਸ਼ਾਰੇ ਤੇ ਅਤੇ ਉਨ੍ਹਾਂ ਦੇ ਹੁਕਮਾਂ ਤਹਿਤ ਕੰਮ ਕਰ ਰਿਹਾ ਹੈ।