ਜਲੰਧਰ, 26 ਸਤੰਬਰ, 2023: ਕੈਨੇਡਾ ਦੇ ਐਨ ਆਰ ਆਈ ਵਪਾਰੀ ਤੇ ਪੰਜਾਬ ਭਵਨ ਸਰੀ ਦੇ ਸੰਸਥਾਪਕ ਸੁੱਖੀ ਬਾਠ ਨੇ ਪੰਜਾਬੀ ਸਟੂਡੈਂਟਸ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹਨਾਂ ਕੋਲ ਫੀਸ ਤੋਂ ਇਲਾਵਾ 50 ਲੱਖ ਰੁਪਏ ਕੋਲ ਹਨ ਤਾਂ ਹੀ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣ। ਉਹਨਾਂ ਦੱਸਿਆ ਕਿ ਕੈਨੇਡਾ ਆਉਣ ਵਾਲੇ ਵਿਦਿਆਰਥੀਆਂ ਵਿਚ 60 ਫੀਸਦੀ ਪੰਜਾਬੀ ਹੁੰਦੇ ਹਨ।
ਉਹਨਾਂ ਕਿਹਾ ਕਿ ਪੰਜਾਬੀ ਸਟੂਡੈਂਟ ਪਿਛਲੇ 50 ਸਾਲਾਂ ਤੋਂ ਕੈਨੇਡਾ ਰਹਿ ਰਹੇ ਹਨ। ਉਹਨਾਂ ਕਿਹਾ ਕਿ ਜਿਹੜੇ ਸਟੂਡੈਂਟਸ ਕੋਲ ਪਹਿਲੇ ਪੰਜ ਸਾਲ ਲਈ ਖਰਚੇ ਜੋਗੇ ਪੈਸੇ ਹੁੰਦੇ ਹਨ, ਉਹ ਅਕਸਰ ਗੈਰਕਾਨੂੰਨੀ ਤਰੀਕੇ ਨਾਲ ਪੈਸੇ ਕਮਾਉਣ ਦੇ ਕੰਮ ਵਿਚ ਫਸ ਜਾਂਦੇ ਹਨ। ਉਹਨਾਂ ਦੱਸਿਆ ਕਿ ਕੈਨੇਡਾ ਵਿਚ ਕਿਰਾਏ 1600 ਡਾਲਰ ਪ੍ਰਤੀ ਮਹੀਨਾ ਤੱਕ ਅਸਮਾਨੀਂ ਜਾ ਚੜ੍ਹੇ ਹਨ ਤੇ ਇਕ ਛੋਟੇ ਜਿਹੇ ਕਮਰੇ ਵਿਚ ਪੰਜ ਤੋਂ ਛੇ ਵਿਦਿਆਰਥੀ ਐਡਜਸਟ ਕੀਤੇ ਜਾਂਦੇ ਹਨ। ਗਿਣਤੀ ਦੇ ਹਿਸਾਬ ਨਾਲ ਸਾਰੇ ਸਟੂਡੈਂਟਸ ਵਾਸਤੇ ਨੌਕਰੀਆਂ ਵੀ ਨਹੀਂ ਹਨ। ਰੋਜ਼ਗਾਰ ਦੇਣ ਵਾਲੇ ਵੀ ਸਟੂਡੈਂਟਸ ਨੂੰ ਲੁੱਟ ਰਹੇ ਹਨ ਤੇ ਉਹਨਾਂ ਨੂੰ ਕੰਮ ਦੇ ਪੂਰੇ ਪੈਸੇ ਨਹੀਂ ਦਿੰਦੇ। ਵਿਦਿਆਰਥੀ ਦਬਾਅ ਹੇਠ ਆ ਜਾਂਦੇ ਹਨ ਤੇ ਨਸ਼ਿਆਂ ਦੀ ਲੱਤ ਲੱਗ ਜਾਂਦੀ ਹੈ ਜਿਸ ਕਾਰਨ ਉਹਨਾਂ ਦਾ ਜਾਨੀ ਨੁਕਸਾਨ ਵੀ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਹ ਹਾਲਾਤ ਬਹੁਤ ਦੁਖਦਾਈ ਹਨ।