ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਹਲਕਾ ਦੋਰਾਹਾ ਜ਼ਿਲ੍ਹਾ ਲੁਧਿਆਣਾ ਦੀਆਂ ਸੰਗਤਾਂ ਵੱਲੋਂ ਸਮੂਹਿਕ ਰੂਪ ਵਿਚ ਲੰਗਰ ਸੇਵਾ ਕੀਤੀ ਗਈ। ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਹਰਪਾਲ ਸਿੰਘ ਜੱਲ੍ਹਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਨੇ ਲੰਗਰ ਸੇਵਾ ਕਰ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸੰਗਤ ਵੱਲੋਂ ਲੰਗਰ ਲਈ ਆਟਾ, ਦਾਲਾਂ, ਚਾਵਲ, ਚਾਹ ਪੱਤੀ, ਖੰਡ, ਰੀਫਾਇੰਡ, ਸਰੋਂ ਦਾ ਤੇਲ, ਦੇਸੀ ਘਿਓ, ਕਣਕ, ਪਿਆਜ, ਸਬਜ਼ੀਆਂ, ਮਸਾਲੇ, ਡਰਾਈ ਫਰੂਟ, ਦੁੱਧ ਤੇ ਅਚਾਰ ਆਦਿ ਰਸਦਾਂ ਭੇਟ ਕਰਨ ਦੇ ਨਾਲ-ਨਾਲ 52550 ਰੁਪਏ ਵੀ ਲੰਗਰ ਸੇਵਾ ਲਈ ਦਿੱਤੇ। ਇਸ ਮੌਕੇ ਜਥੇਦਾਰ ਹਰਪਾਲ ਸਿੰਘ ਜੱਲ੍ਹਾ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦਾ ਪਾਵਨ ਅਸਥਾਨ ਸਮੁੱਚੇ ਵਿਸ਼ਵ ਦੀਆਂ ਸੰਗਤਾਂ ਲਈ ਅਧਿਆਤਮਿਕਤਾ ਦਾ ਕੇਂਦਰ ਹੈ। ਇਥੇ ਰੋਜ਼ਾਨਾ ਲੱਖਾਂ ਸੰਗਤਾਂ ਨਤਮਸਤਕ ਹੋਣ ਲਈ ਪੁੱਜਦੀਆਂ ਹਨ ਅਤੇ ਗੁਰੂ ਕੇ ਲੰਗਰ ’ਚ ਪ੍ਰਸ਼ਾਦਾ ਛੱਕ ਕੇ ਤ੍ਰਿਪਤ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਹਲਕਾ ਦੋਰਾਹਾ ਦੀਆਂ ਸੰਗਤਾਂ ਹਰ ਸਾਲ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਵਿਖੇ ਸੇਵਾ ਕਰਨ ਲਈ ਪੁੱਜਦੀਆਂ ਹਨ। ਪੂਰੇ ਹਲਕੇ ਦੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਲੰਗਰ ਲਈ ਰਸਦਾਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ। ਇਥੇ ਸੇਵਾ ਕਰਨ ਮਗਰੋਂ ਸੰਗਤ ਆਪਣੇ ਆਪ ਨੂੰ ਭਾਗਸ਼ਾਲੀ ਮਹਿਸੂਸ ਕਰਦੀ ਹੈ।ਇਸ ਦੌਰਾਨ ਹਲਕਾ ਦੋਰਾਹਾ ਦੀਆਂ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਤੇਜਿੰਦਰ ਸਿੰਘ ਪੱਡਾ, ਓਐਸਡੀ ਡਾ. ਅਮਰੀਕ ਸਿੰਘ ਲਤੀਫਪੁਰ ਤੇ ਮੈਨੇਜਰ ਸ. ਸਤਨਾਮ ਸਿੰਘ ਮਾਂਗਾਸਰਾਏ ਨੇ ਗੁਰੂ ਬਖ਼ਸ਼ਿਸ਼ ਸਿਰਪਾਓ ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹਲਕਾ ਦੋਰਾਹਾ ਦੀਆਂ ਸੰਗਤਾਂ ਵਿੱਚੋਂ ਜਥੇਦਾਰ ਦਵਿੰਦਰਪਾਲ ਸਿੰਘ ਟਿੰਬਰਵਾਲ, ਸ. ਸੁਖਵਿੰਦਰ ਸਿੰਘ ਪੱਦੀ, ਸ. ਸੋਹਣ ਸਿੰਘ ਭੰਗੂ ਜਰਗ, ਸ. ਦਰਸ਼ਨ ਸਿੰਘ ਰੱਬੋ, ਸ. ਸੁਖਵਿੰਦਰ ਸਿੰਘ ਦੌਲਤਪੁਰ, ਸ. ਬਹਾਦਰ ਸਿੰਘ ਰੱਬੋ, ਸ. ਅਮਰਜੀਤ ਸਿੰਘ ਮਾਂਗੇਵਾਲ ਸਰਪੰਚ, ਸ. ਪ੍ਰਗਟ ਸਿੰਘ ਧਮੋਟ, ਸ. ਭਗਨਦੀਪ ਸਿੰਘ ਜਰਗ, ਸ. ਗੁਰਦੀਪ ਸਿੰਘ ਅੜੈਚਾਂ, ਸ. ਜਗਦੇਵ ਸਿੰਘ ਮੰਡੇਰ, ਭਾਈ ਅਜੀਤ ਸਿੰਘ ਪ੍ਰਚਾਰਕ, ਭਾਈ ਕੁਲਦੀਪ ਸਿੰਘ ਪ੍ਰਚਾਰਕ, ਭਾਈ ਰਣਜੀਤ ਸਿੰਘ ਖੰਨਾ, ਭਾਈ ਤਜਿੰਦਰ ਸਿੰਘ ਹੈਪੀ, ਭਾਈ ਮਨਮੋਹਨ ਸਿੰਘ, ਭਾਈ ਗੁਰਸੇਵਕ ਸਿੰਘ ਤੇ ਭਾਈ ਗੁਰਵੀਰ ਸਿੰਘ ਜੱਲ੍ਹਾ ਆਦਿ ਮੌਜੂਦ ਸਨ।