ਰਾਏਪੁਰ, 20 ਸਤੰਬਰ- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਦੰਤੇਵਾੜਾ ਜ਼ਿਲ੍ਹੇ ਵਿੱਚ ਅੱਜ ਸੁਰੱਖਿਆ ਕਰਮੀਆਂ ਨੇ ਮੁਕਾਬਲੇ ਵਿੱਚ 2 ਮਹਿਲਾ ਨਕਸਲੀਆਂ ਨੂੰ ਮਾਰ ਸੁੱਟਿਆ। ਪੁਲੀਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਦੰਤੇਵਾੜਾ ਅਤੇ ਸੁਕਮਾ ਜ਼ਿਲ੍ਹੇ ਦੇ ਸਰਹੱਦੀ ਖੇਤਰ ਦੇ ਨਗਰਮ-ਪੋਰੋ ਹਿਰਮਾ ਪਿੰਡ ਦੇ ਜੰਗਲ ਵਿੱਚ ਸੁਰੱਖਿਆ ਫ਼ੋਰਸਾਂ ਨੇ 2 ਮਹਿਲਾ ਨਕਸਲੀਆਂ ਨੂੰ ਮਾਰ ਸੁੱਟਿਆ ਹੈ। ਉਨ੍ਹਾਂ ਦੱਸਿਆ ਕਿ ਅਰਨਪੁਰ ਪੁਲੀਸ ਥਾਣਾ ਖੇਤਰ ਵਿੱਚ ਰਾਜ ਪੁਲੀਸ ਦੀ ਇਕਾਈ ਜ਼ਿਲ੍ਹਾ ਰਿਜ਼ਰਵ ਗਾਰਡ ਦੇ ਦਲ ਨੂੰ ਗਸ਼ਤ ਤੇ ਰਵਾਨਾ ਕੀਤਾ ਗਿਆ ਸੀ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲ ਜਦੋਂ ਅੱਜ ਸਵੇਰੇ ਲਗਭਗ 7 ਵਜੇ ਦੰਤੇਵਾੜਾ-ਸੁਕਮਾ ਜ਼ਿਲ੍ਹੇ ਦੇ ਸਰਹੱਦੀ ਖੇਤਰ ਨਗਰਮ-ਪੋਰੋ ਹਿਰਮਾ ਪਿੰਡ ਦੇ ਜੰਗਲ ਵਿੱਚ ਸੀ, ਉਦੋਂ ਨਕਸਲੀਆਂ ਨੇ ਸੁਰੱਖਿਆ ਫ਼ੋਰਸ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਸੁਰੱਖਿਆ ਫ਼ੋਰਸ ਦੇ ਜਵਾਨਾਂ ਨੇ ਜਦੋਂ ਜਵਾਬੀ ਕਾਰਵਾਈ ਕੀਤੀ, ਉਦੋਂ ਨਕਸਲੀ ਉੱਥੋਂ ਦੌੜ ਗਏ। ਅਧਿਕਾਰੀਆਂ ਨੇ ਦੱਸਿਆ ਕਿ ਬਾਅਦ ਵਿੱਚ ਹਾਦਸੇ ਵਾਲੇ ਸਥਾਨ ਦੀ ਤਲਾਸ਼ੀ ਲੈਣ ਤੇ ਸੁਰੱਖਿਆ ਫ਼ੋਰਸਾਂ ਨੂੰ ਉੱਥੇ ਇਕ ਇੰਸਾਸ ਰਾਈਫ਼ਲ, 12 ਬੋਰ ਦਾ ਇਕ ਰਾਈਫ਼ਲ ਅਤੇ 2 ਮਹਿਲਾ ਨਕਸਲੀਆਂ ਦੀਆਂ ਲਾਸ਼ਾਂ ਮਿਲੀਆਂ। ਉਨ੍ਹਾਂ ਦੱਸਿਆ ਕਿ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਜਾਰੀ ਹੈ।