ਮੱਝ ਦੇ ਦੁੱਧ ਦਾ ਰੇਟ 3 ਰੁਪਏ ਅਤੇ ਗਾਂ ਦੇ ਦੁੱਧ ਦਾ ਰੇਟ 2 ਰੁਪਏ ਪ੍ਰਤੀ ਕਿੱਲੋ ਵਧਾਇਆ
ਚੰਡੀਗੜ੍ਹ – ਸਹਿਕਾਰੀ ਖੇਤਰ ਵਿੱਚ ਕੰਮ ਕਰ ਰਹੀ ਪੰਜਾਬ ਮਿਲਕਫੈਡ ਵੱਲੋਂ ਦੁੱਧ ਉਤਪਾਦਕਾਂ ਨੂੰ ਹਮੇਸ਼ਾ ਦੁੱਧ ਦੀਆਂ ਉੱਚੀਆਂ ਖਰੀਦ ਕੀਮਤਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ। ਪਿਛਲੇ ਦੋ ਮਹੀਨੇ ਦੇ ਸਮੇਂ ਵਿੱਚ ਲਗਾਤਾਰ ਛੇ ਵਾਰ ਦੁੱਧ ਖਰੀਦ ਕੀਮਤਾਂ ਵਿੱਚ ਵਾਧੇ ਕੀਤੇ ਗਏ। ਇਹ ਖੁਲਾਸਾ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ ਗਿਆ।ਸ. ਰੰਧਾਵਾ ਨੇ ਕਿਹਾ ਕਿ ਮਿਲਕਫੈਡ ਵੱਲੋਂ ਫਰਵਰੀ ਤੋਂ ਹੁਣ ਤੱਕ ਮੱਝ ਦੇ ਦੁੱਧ ਦਾ ਭਾਅ 45 ਰੁਪਏ ਪ੍ਰਤੀ ਕਿੱਲੋ ਤੋਂ ਵਧਾ ਕੇ 48 ਰੁਪਏ ਪ੍ਰਤੀ ਕਿੱਲੋ ਕਰ ਦਿੱਤਾ ਹੈ ਜਦੋਂ ਕਿ ਗਾਂ ਦੇ ਦੁੱਧ ਦਾ ਭਾਅ 28 ਰੁਪਏ ਪ੍ਰਤੀ ਕਿੱਲੋ ਤੋਂ ਵਧਾ ਕੇ 30 ਰੁਪਏ ਪ੍ਰਤੀ ਕਿੱਲੋ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੁਣ ਤੱਕ ਸਾਰੇ ਮਿਲਕ ਪਲਾਂਟਾਂ ਵੱਲੋਂ ਪਿਛਲੇ ਦੋ ਮਹੀਨੇ ਵਿੱਚ ਮੱਝ ਦੇ ਦੁੱਧ ਦਾ ਰੇਟ 3 ਰੁਪਏ ਪ੍ਰਤੀ ਕਿੱਲੋ ਅਤੇ ਗਾਂ ਦੇ ਦੁੱਧ ਦਾ ਰੇਟ 2 ਰੁਪਏ ਪ੍ਰਤੀ ਕਿੱਲੋ ਵਾਧਾ ਕੀਤਾ ਗਿਆ ਹੈ। ਕੋਵਿਡ ਤੋਂ ਬਾਅਦ ਆਈ ਮੰਦੀ ਦੇ ਦੌਰ ਉਪਰੰਤ ਦੁੱਧ ਉਤਪਾਦਕਾਂ ਨੂੰ ਦਿੱਤੀ ਜਾਣ ਵਾਲੀ ਦੁੱਧ ਦੀ ਕੀਮਤ ਵਿੱਚ ਛੇ ਵਾਰ ਵਾਧਾ ਕੀਤਾ ਗਿਆ ਹੈ ਅਤੇ ਅੱਗੇ ਤੋਂ ਵੀ ਡੇਅਰੀ ਦੇ ਧੰਦੇ ਨੂੰ ਲਾਹੇਵੰਦ ਬਣਾਉਣ ਹਿੱਤ ਦੁੱਧ ਉਤਪਾਦਕਾਂ ਨੂੰ ਚੰਗੀ ਕੀਮਤ ਦਿੱਤੀ ਜਾਏਗੀ। ਇਸ ਦਾ ਲਾਭ ਮਿਲਕਫੈਡ ਦੇ ਨਾਲ ਜੁੜੇ 2.5 ਲੱਖ ਦੁੱਧ ਉਤਪਾਦਕਾਂ ਨੂੰ ਹੋਣਾ ਹੈ।ਮਿਲਕਫੈਡ ਦੇ ਐਮ.ਡੀ. ਸ. ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਦੁੱਧ ਉਤਪਾਦਨ ਦਾ ਧੰਦਾ ਪੰਜਾਬ ਦੇ ਕਿਸਾਨਾਂ ਦਾ ਖੇਤੀ ਤੋਂ ਬਾਅਦ ਮੁੱਖ ਸਹਾਇਕ ਧੰਦਾ ਹੈ। ਰੋਜ਼ਮਰਾ ਦੇ ਘਰੇਲੂ ਖਰਚੇ ਪੂਰੇ ਕਰਨ ਲਈ ਕਿਸਾਨ ਦੁੱਧ ਤੋਂ ਆਮਦਨ ਰੋਜ਼ਾਨਾ ਹਾਸਲ ਕਰਦਾ ਹੈ, ਜਦੋਂ ਕਿ ਖੇਤੀ ਦੀ ਆਮਦਨ ਛਿਮਾਹੀ ਪ੍ਰਾਪਤ ਹੁੰਦੀ ਹੈ। ਦੁੱਧ ਉਤਪਾਦਕ ਸਿੱਧਾ ਆਪਣੇ ਪਿੰਡ ਦੀ ਦੁੱਧ ਸਭਾ ਜਿਸ ਦਾ ਉਹ ਮੈਬਰ ਹੁੰਦਾ ਹੈ, ਨੂੰ ਸਿੱਧਾ ਦੁੱਧ ਵੇਚਦਾ ਹੈ। ਇਸ ਨਾਲ ਮੰਡੀਕਰਨ ਵਿੱਚ ਕਿਸੇ ਵਿਚੋਲੀਏ ਦੀ ਸੰਭਾਵਨਾ ਨਹੀਂ। ਜਿਲ੍ਹਾ ਪੱਧਰ ਉੱਤੇ ਮਿਲਕ ਯੂਨੀਅਨ ਅਤੇ ਰਾਜ ਪੱਧਰ ਤੇ ਮਿਲਕਫੈਡ ਦਾ ਪ੍ਰਬੰਧ ਦੁੱਧ ਉਤਪਾਦਕਾਂ ਦੇ ਚੁਣੇ ਨੁਮਾਇੰਦਿਆਂ ਵੱਲੋਂ ਕੀਤਾ ਜਾਂਦਾ ਹੈ ਜਿਸ ਕਰਕੇ ਮਿਲਕਫੈਡ ਕਿਸਾਨਾਂ ਦੀਆਂ ਲੋੜਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ।ਸ. ਸੰਘਾ ਨੇ ਬਾਕੀ ਦੁੱਧ ਉਤਪਾਦਕਾਂ ਨੂੰ ਵੀ ਅਪੀਲ ਕੀਤੀ ਕਿ ਪਿੰਡ ਦੀ ਦੁੱਧ ਸਭਾ ਦੇ ਮੈਂਬਰ ਬਣਨ ਅਤੇ ਜਿਨ੍ਹਾਂ ਪਿੰਡਾਂ ਵਿੱਚ ਉਤਪਾਦਕਾਂ ਨੇ ਅਜੇ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਨਹੀਂ ਬਣਾਈਆਂ, ਉਹ ਤੁਰੰਤ ਬਣਾਉਣ ਅਤੇ ਮਿਲਕਫੈਡ ਵਲੋਂ ਦੁੱਧ ਦੀਆਂ ਵਧੀਆਂ ਖਰੀਦ ਕੀਮਤਾਂ ਤੋਂ ਇਲਾਵਾ,ਪਸ਼ੂ ਦੀ ਲੋੜ ਮੁਤਾਬਿਕ ਵੱਖ-ਵੱਖ ਤਰ੍ਹਾਂ ਦੀ ਵੇਰਕਾ ਪਸ਼ੂ ਖੁਰਾਕ ਅਤੇ ਉੱਚ ਕੋਟੀ ਦੇ ਸਾਨ੍ਹਾਂ ਦਾ ਸੀਮਨ ਅਤੇ ਹੋਰ ਉੱਚ ਪੱਧਰ ਦੀਆਂ ਤਕਨੀਕੀ ਸੇਵਾਵਾਂ ਦਾ ਲਾਭ ਉਠਾਉਣ।