ਨਵੀਂ ਦਿੱਲੀ, 4 ਜੂਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਕੋਰੋਨਾ ਵਾਇਰਸ ਆਫਤ ਦਰਮਿਆਨ ਉਦਯੋਗਪਤੀ ਰਾਜੀਵ ਬਜਾਜ ਨਾਲ ਕਈ ਮਾਮਲਿਆਂ ਤੇ ਗੱਲ ਕੀਤੀ| ਤਾਲਾਬੰਦੀ ਹੋਣ ਕਾਰਨ ਦੇਸ਼ ਵਿੱਚ ਰੋਜ਼ਗਾਰ ਦਾ ਸੰਕਟ ਪੈਦਾ ਹੋਇਆ ਹੈ, ਇਸ ਮਾਮਲੇ ਤੇ ਦੋਹਾਂ ਦਰਮਿਆਨ ਗੱਲਬਾਤ ਹੋਈ| ਇਸ ਦੌਰਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਤਾਲਾਬੰਦੀ ਨੂੰ ਫੇਲ੍ਹ ਕਰਾਰ ਦਿੱਤਾ ਅਤੇ ਕਿਹਾ ਕਿ ਜਦੋਂ ਤੱਕ ਉੱਪਰ ਤੋਂ ਹੇਠਾਂ ਆਰਡਰ ਨਹੀਂ ਰਹਿਣਗੇ, ਉਦੋਂ ਤੱਕ ਸਥਿਤੀ ਮੁਸ਼ਕਲ ਹੀ ਬਣੀ ਰਹੇਗੀ| ਰਾਜੀਵ ਬਜਾਜ ਨਾਲ ਗੱਲਬਾਤ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਕੋਰੋਨਾ ਆਫਤ ਆਈ ਤਾਂ ਅਸੀਂ ਕਾਂਗਰਸ ਪਾਰਟੀ ਦੇ ਅੰਦਰ ਇਕ ਗੰਭੀਰ ਚਰਚਾ ਕੀਤੀ ਸੀ| ਰਾਹੁਲ ਬੋਲੇ ਕਿ ਸਾਡੀ ਚਰਚਾ ਇਹ ਹੋਈ ਸੀ ਕਿ ਸੂਬਿਆਂ ਨੂੰ ਤਾਕਤ ਦੇਣੀ ਚਾਹੀਦੀ ਹੈ ਅਤੇ ਕੇਂਦਰ ਸਰਕਾਰ ਨੂੰ ਪੂਰਾ ਸਮਰਥਨ ਦੇਣਾ ਚਾਹੀਦਾ| ਕੇਂਦਰ ਨੂੰ ਰੇਲ-ਫਲਾਈਟ ਤੇ ਕੰਮ ਕਰਨਾ ਚਾਹੀਦਾ ਸੀ ਪਰ ਮੁੱਖ ਮੰਤਰੀ ਅਤੇ ਡੀ.ਐਮ. ਨੂੰ ਜ਼ਮੀਨ ਤੇ ਲੜਾਈ ਲੜਨੀ ਚਾਹੀਦੀ ਸੀ|
ਕਾਂਗਰਸ ਨੇਤਾ ਨੇ ਇਕ ਵਾਰ ਫਿਰ ਦੁਹਰਾਇਆ ਕਿ ਮੇਰੇ ਹਿਸਾਬ ਨਾਲ ਤਾਲਾਬੰਦੀ ਫੇਲ੍ਹ ਹੈ ਅਤੇ ਹੁਣ ਮਾਮਲੇ ਵਧ ਰਹੇ ਹਨ| ਹੁਣ ਕੇਂਦਰ ਸਰਕਾਰ ਪਿੱਛੇ ਹਟ ਰਹੀ ਹੈ ਅਤੇ ਕਹਿ ਰਹੀ ਹੈ ਕਿ ਸੂਬੇ ਖ਼ੁਦ ਇਸ ਮਹਾਮਾਰੀ ਨੂੰ ਸੰਭਾਲ ਲੈਣ| ਭਾਰਤ ਨੇ 2 ਮਹੀਨੇ ਦਾ ਪਾਜ (ਵਿਰਾਮ) ਬਟਨ ਦਬਾਇਆ ਅਤੇ ਹੁਣ ਉਹ ਕਦਮ ਚੁੱਕ ਰਿਹਾ ਹੈ, ਜੋ ਪਹਿਲੇ ਦਿਨ ਚੁੱਕਣੇ ਸਨ| ਪ੍ਰਵਾਸੀ ਮਜ਼ਦੂਰਾਂ ਦੇ ਮਸਲੇ ਤੇ ਰਾਹੁਲ ਗਾਂਧੀ ਬੋਲੇ ਕਿ ਮੈਨੂੰ ਸਮਝ ਨਹੀਂ ਆ ਰਿਹਾ ਹੈ ਕਿ ਸਰਕਾਰ ਲੋਕਾਂ ਦੇ ਹੱਥ ਵਿੱਚ ਪੈਸਾ ਕਿਉਂ ਨਹੀਂ ਦੇ ਰਹੀ ਹੈ, ਰਾਜਨੀਤੀ ਨੂੰ ਭੁੱਲੋ ਪਰ ਇਸ ਸਮੇਂ ਲੋਕਾਂ ਨੂੰ ਪੈਸਾ ਦੇਣ ਦੀ ਜ਼ਰੂਰਤ ਹੈ|