ਚੰਡੀਗੜ – ਵਧੀਕ ਡਾਇਰੈਕਟਰ ਲੋਕ ਸੰਪਰਕ ਸੇਨੂ ਦੁੱਗਲ ਨੂੰ ਭਾਰਤੀ ਪ੍ਰਸ਼ਾਸਕੀ ਸੇਵਾਵਾਂ (ਆਈ.ਏ.ਐੱਸ.) ਕਾਡਰ ਲਈ ਨਿਯੁਕਤ ਕੀਤਾ ਗਿਆ ਹੈ, ਇਸ ਸਬੰਧੀ ਕੇਂਦਰੀ ਕਰਮਚਾਰੀ ਮੰਤਰਾਲੇ ਵੱਲੋਂ ਨੋਟੀਫੀਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।ਸੂਬੇ ਦੇ ਦੋ ਅਧਿਕਾਰੀਆਂ ਨੂੰ ਇਹ ਮਾਣ ਹਾਸਲ ਹੋਇਆ ਹੈ ਇਹਨਾਂ ਵਿੱਚ ਦੂਜਾ ਨਾਮ ਸ਼੍ਰੀਮਤੀ ਬਲਦੀਪ ਕੌਰ ਦਾ ਹੈ ਜੋ ਆਬਕਾਰੀ ਵਿਭਾਗ ਵਿੱਚ ਡਿਪਟੀ ਆਬਕਾਰੀ ਅਤੇ ਕਰ ਕਮਿਸ਼ਨਰ ਵਜੋਂ ਤਾਇਨਾਤ ਹਨ।9 ਫਰਵਰੀ, 1968 ਨੂੰ ਜਨਮੇ ਅਤੇ 28 ਸਾਲ ਤੋਂ ਵੱਧ ਦੀ ਸੇਵਾ ਨਿਭਾਉਣ ਵਾਲੇ ਸੇਨੂ ਦੁੱਗਲ ਫਰਵਰੀ 2016 ਤੋਂ ਮਾਰਚ 2017 ਤੱਕ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦੇ ਡਾਇਰੈਕਟਰ ਵਜੋਂ ਸੇਵਾ ਨਿਭਾਅ ਚੁੱਕੇ ਹਨ। ਉਹ 1992 ਵਿਚ ਡਿਪਟੀ ਡਾਇਰੈਕਟਰ ਵਜੋਂ ਵਿਭਾਗ ਵਿਚ ਭਰਤੀ ਹੋਏ ਅਤੇ ਤਰੱਕੀ ਤੋਂ ਬਾਅਦ ਸਾਲ 2002 ਵਿੱਚ ਜੁਆਇੰਟ ਡਾਇਰੈਕਟਰ ਬਣੇ।ਉਹਨਾਂ ਦੇ ਬੇਦਾਗ਼ ਸੇਵਾ ਰਿਕਾਰਡ ਅਤੇ ਲੰਮੇ ਸੇਵਾ ਕਾਲ ਦੇ ਅਧਾਰ ‘ਤੇ ਉਹਨਾਂ ਨੂੰ ਲੋਕ ਸੰਪਰਕ ਵਿਭਾਗ ਵਿਚ ਵਧੀਕ ਡਾਇਰੈਕਟਰ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ ਜੋ ਕਿ ਇਕ ਗੈਰ-ਆਈ.ਏ.ਐੱਸ ਅਧਿਕਾਰੀ ਲਈ ਸਭ ਤੋਂ ਉੱਚ ਰੈਂਕ ਅਤੇ ਇਕ ਮਹੱਤਵਪੂਰਣ ਅਹੁਦਾ ਹੈ । ਇਹ ਵਿਭਾਗ ਸਰਕਾਰ ਦੀਆਂ ਨੀਤੀਆਂ ਨੂੰ ਲਾਗੂ ਕਰਨ,ਫੀਡਬੈਕ ਅਤੇ ਸੁਚੱਜੀ ਕਾਰਵਾਈ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ।ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਇਸ ਸਾਲ ਕੇਂਦਰੀ ਕੇਡਰ ਲਈ ਕੁਲ 10 ਨਾਵਾਂ ਦੀ ਸਿਫਾਰਸ਼ ਕੀਤੀ ਸੀ। ਚੋਣ ਪ੍ਰਕਿਰਿਆ ਵਿਚ ਵਿਆਪਕ ਟੈਸਟਿੰਗ ਪ੍ਰਕਿਰਿਆ ਸ਼ਾਮਲ ਕੀਤੀ ਗਈ ਸੀ, ਅਤੇ ਦਸੰਬਰ ਦੇ ਆਖਰੀ ਹਫਤੇ ਵਿੱਚ ਨਵੇਂ ਦਿੱਲੀ ਵਿਖੇ ਯੂ.ਪੀ.ਐਸ.ਸੀ. ਬੋਰਡ ਵਲੋਂ ਇੱਕ ਵਿਸਥਾਰਤ ਇੰਟਰਵਿਊ ਦੇ ਅਧਾਰ ’ਤੇ ਚੋਣ ਕੀਤੀ ਗਈ।ਇਸ ਤੋਂ ਪਹਿਲਾਂ ਜਾਰੀ ਹੋਏ ਕੇਂਦਰੀ ਨੋਟੀਫੀਕੇਸ਼ਨ ਵਿਚ ਲਿਖਿਆ ਹੈ: ‘ਭਾਰਤ ਦੇ ਰਾਸ਼ਟਰਪਤੀ ਰਾਜ ਦੇ ਗੈਰ-ਸੂਬਾਈ ਸਿਵਲ ਸਰਵਿਸ ਕੇਡਰ ਦੇ ਮੈਂਬਰਾਂ ਨੂੰ ਭਾਰਤ ਸਰਕਾਰ ਵਲੋਂ ਨਿਰਧਾਰਤ ਨਿਯਮਾਂ ਦੀ ਧਾਰਾ 3 ਤਹਿਤ ਅਤੇ ਸੂਬੇ ਨਾਲ ਮਸ਼ਵਰਾ ਕਰਨ ਉਪਰੰਤ ਸੂਚੀ 2019 ਮੁਤਾਬਕ ਭਾਰਤ ਪ੍ਰਸ਼ਾਸਕੀ ਅਧਿਕਾਰੀ ਨਿਯੁਕਤ ਕੀਤੇ ਜਾਣ ‘ ਤੇ ਮਾਣ ਮਹਿਸੂਸ ਕਰਦੇ ਹਨ।