ਪਟਿਆਲਾ , 6 ਮਈ 2024 : ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ.ਸ਼ਰਮਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਜਿਸ ਤਰ੍ਹਾਂ ਵਿਕਾਸ ਕਾਰਜ ਹੋਏ ਹਨ, ਉਸਦੇ ਆਧਾਰ ’ਤੇ ਹੁਣ ਪੰਜਾਬ ਦੇ ਲੋਕਾਂ ਲਈ ਸਿਰਫ਼ ਅਕਾਲੀ ਦਲ ਹੀ ਉਮੀਦ ਦੀ ਕਿਰਨ ਹੈ। ਐਨ.ਕੇ.ਸ਼ਰਮਾ ਅੱਜ ਪਿੰਡ ਮੈਸ, ਦਾਣਾ ਮੰਡੀ ਭਾਦਸੋਂ, ਪਿੰਡ ਦੁੱਲਤੀ, ਨਰਾਤਾ ਕਲੋਨੀ, ਯੰਗ ਫਾਰਮ ਭਾਦਸੋਂ ਵਿਖੇ ਜਨ ਸਭਾਵਾਂ ਨੂੰ ਸੰਬੋਧਨ ਕਰ ਰਹੇ ਸਨ। ਸ਼ਰਮਾ ਨੇ ਅੱਜ ਭਾਦਸੋਂ ਵਿੱਚ ਚੋਣ ਦਫ਼ਤਰ ਦਾ ਉਦਘਾਟਨ ਵੀ ਕੀਤਾ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਹਵਾਈ ਅੱਡੇ ਦਾ ਨਿਰਮਾਣ, ਆਧੁਨਿਕ ਤਕਨੀਕ ਨਾਲ ਸੜਕਾਂ ਦਾ ਨਿਰਮਾਣ, ਥਰਮਲ ਪਲਾਂਟ ਨਿਰਮਾਣ, ਆਈ.ਟੀ ਸਿਟੀ, ਮੈਡੀਸਿਟੀ ਸਿਟੀ ਆਦਿ ਦਾ ਨਿਰਮਾਣ ਹੋਇਆ। ਪਿਛਲੇ ਕਰੀਬ ਅੱਠ ਸਾਲਾਂ ਤੋਂ ਪੰਜਾਬ ਦਾ ਵਿਕਾਸ ਰੁਕ ਗਿਆ ਹੈ। ਪੰਜਾਬ ਦੇ ਲੋਕ ਦੋ ਵਾਰ ਸਿਆਸਤ ਤਜਰਬਾ ਕਰਕੇ ਦੇਖ ਚੁੱਕੇ ਹਨ। ਹੁਣ ਉਹ ਇਸ ਦੇ ਹੱਕ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮੰਨ ਚੁੱਕੇ ਹਨ ਕਿ ਸੂਬੇ ਦਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਨਾਲ ਹੀ ਸੰਭਵ ਹੈ।
ਸ਼ਰਮਾ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਚਲਾਈ ਜਾ ਰਹੀ ਪੰਜਾਬ ਬਚਾਓ ਯਾਤਰਾ ਵਿੱਚ ਲੋਕਾਂ ਦਾ ਭਾਰੀ ਇਕੱਠ ਹੋ ਰਿਹਾ ਹੈ, ਉਸ ਤੋਂ ਸਾਫ਼ ਹੋ ਗਿਆ ਹੈ ਕਿ ਪੰਜਾਬ ਦੇ ਲੋਕ ਹੁਣ ਸਿਰਫ਼ ਅਜਿਹੇ ਆਗੂਆਂ ਨੂੰ ਵਾਗਡੋਰ ਸੌਂਪਣਾ ਚਾਹੁੰਦੇ ਹਨ ਜੋ ਕੇਂਦਰ ’ਚ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ। ਪ੍ਰੋਗਰਾਮਾਂ ਦੌਰਾਨ ‘ਆਪ’ ਆਗੂਆਂ ਯਾਦਵਿੰਦਰ ਸਿੰਘ ਅਤੇ ਗੁਰਦੀਪ ਸਿੰਘ ਨੇ ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਐਨ.ਕੇ. ਸ਼ਰਮਾ ਨੇ ‘ਆਪ’ ਛੱਡਣ ਵਾਲੇ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਨਾਭਾ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ, ਲਖਵੀਰ ਲੌਟ, ਅਕਾਲੀ ਆਗੂ ਬਘੇਲ ਸਿੰਘ, ਵਪਾਰ ਵਿੰਗ ਭਾਦਸੋਂ ਦੇ ਪ੍ਰਧਾਨ ਰਣਧੀਰ ਸਿੰਘ ਢੀਂਡਸਾ, ਸਤਿੰਦਰ ਟੌਹੜਾ, ਸਰਕਲ ਜਥੇਦਾਰ ਗੁਰਜੰਟ ਸਿੰਘ, ਰਣਜੀਤ ਘੁੰਦਰ, ਗੁਰਤੇਜ ਤੇਜੀ, ਸੋਨੀ ਭੁੱਲਰ, ਚੇਤਨ ਸ਼ਰਮਾ, ਗੋਪੀ ਮਿਸ਼ਰਾ, ਪਾਲ ਸਹੋਲੀ, ਜੱਸਾ ਖੋਖ, ਗੁਰਸੇਵਕ ਸਿੰਘ ਗੋਲੀ, ਸੁਰਜੀਤ ਸਿੰਘ ਨੰਬਰਦਾਰ, ਸੁਖਜੀਤ ਸਿੰਘ ਸਮੇਤ ਕਈ ਪਤਵੰਤੇ ਹਾਜ਼ਰ ਸਨ।