ਬਠਿੰਡਾ, 08 ਜੂਨ 2020: ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਬਲਾਕ ਬਠਿੰਡਾ ਵੱਲੋਂ ਬਲਾਕ ਪ੍ਰਧਾਨ ਜਸਵੀਰ ਕੌਰ ਬਠਿੰਡਾ ਤੇ ਅੰਮਿ੍ਰਤਪਾਲ ਕੌਰ ਬੱਲੂਆਣਾ ਦੀ ਅਗਵਾਈ ਹੇਠ ਆਂਗਣਵਾੜੀ ਇੰਪਲਾਇਜ ਫ਼ੈਡਰੇਸ਼ਨ ਆਫ਼ ਇੰਡੀਆ ਦੇ ਸੱਦੇ ’ਤੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਹੱਕੀ ਮੰਗਾਂ ਦੇ ਸਬੰਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਵੱਡੀ ਗਿਣਤੀ ’ਚ ਇਕੱਤਰ ਹੋਈਆਂ ਵਰਕਰਾਂ ਤੇ ਹੈਲਪਰਾਂ ਨੇ ਸਰਕਾਰ ਦੇ ਖਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ ਅਤੇ ਸੀ.ਡੀ.ਪੀ.ਓ. ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ ਇਸਤਰੀ ਤੇ ਬਾਲ ਵਿਕਾਸ, ਮੁੱਖ ਮੰਤਰੀ ਪੰਜਾਬ, ਵਿਭਾਗੀ ਮੰਤਰੀ ਤੇ ਵਿਭਾਗ ਦੀ ਡਾਇਰੈਕਟਰ ਦੇ ਨਾਮ ਮੰਗ ਪੱਤਰ ਭੇਜੇ ਗਏ। ਇਸ ਮੌਕੇ ਬੁਲਾਰਿਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜਮ ਐਲਾਨੇ, ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ। ਦੂਸਰੇ ਫਰੰਟ ਲਾਇਨ ਵਰਕਰਾਂ ਵਾਂਗ 50 ਲੱਖ ਰੁਪਏ ਦਾ ਸਿਹਤ ਬੀਮਾ ਕੀਤਾ ਜਾਵੇ।
ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਕੇਂਦਰਾਂ ਵਿਚ ਆ ਰਹੇ ਲਾਭਪਾਤਰੀਆਂ ਦਾ ਰਾਸ਼ਨ ਮਹਿੰਗਾਈ ਸੂਚਕ ਅੰਕ ਨਾਲ ਜੋੜਿਆ ਜਾਵੇ। ਜਿੰਨੀ ਦੇਰ ਸਰਕਾਰੀ ਮੁਲਾਜਮ ਦਾ ਦਰਜਾ ਨਹੀ ਦਿੱਤਾ ਜਾਂਦਾ, ਉਨਾਂ ਚਿਰ ਘੱਟੋ-ਘੱਟ ਉਜਰਤ ਲਾਗੂ ਕੀਤੀ ਜਾਵੇ। ਮਿੰਨੀ ਕੇਦਰਾਂ ਨੂੰ ਪੂਰੇ ਕੇਂਦਰ ਦਾ ਦਰਜਾ ਦਿੱਤਾ ਜਾਵੇ। ਵਰਕਰ/ਹੈਲਪਰ ਨੂੰ ਸੇਵਾ ਮੁਕਤੀ ’ਤੇ ਪੈਨਸ਼ਨਰੀ ਲਾਭ ਦਿੱਤੇ ਜਾਣ। ਪੰਜਾਬ ਸਰਕਾਰ ਵੱਲੋਂ ਵਰਕਰਾਂ/ਹੈਲਪਰਾਂ ਦੇ ਮਾਣਭੱਤੇ ਵਿਚ ਲਾਇਆ 40 ਪ੍ਰਤੀਸ਼ਤ ਕੱਟ ਏਰੀਅਰ ਸਮੇਤ 2018 ਤੋਂ ਦਿੱਤਾ ਜਾਵੇ। ਸੁਪਰਵਾਈਜਰਾਂ ਦੀ ਭਰਤੀ ਤੁਰੰਤ ਕੀਤੀ ਜਾਵੇ। ਖਾਲੀ ਪਈਆਂ ਵਰਕਰਾਂ/ਹੈਲਪਰਾਂ ਦੀਆਂ ਅਸਾਮੀਆਂ ਭਰੀਆਂ ਜਾਣ। ਵਰਕਰਾਂ ਨੂੰ ਸਮਾਰਟ ਫ਼ੋਨ ਦਿੱਤੇ ਜਾਣ। ਕਰੈਚ ਵਰਕਰਾਂ ਨੂੰ ਸਮੇਂ ਸਿਰ ਤਨਖਾਹਾਂ ਦਿੱਤੀਆਂ ਜਾਣ। ਇਸ ਮੌਕੇ ਸੂਬਾ ਜਨਰਲ ਸਕੱਤਰ ਗੁਰਮੀਤ ਕੌਰ ਗੋਨੇਆਣਾ, ਮਨਪ੍ਰੀਤ ਕੌਰ ਸਿਵੀਆਂ, ਬਲਵੀਰ ਕੌਰ, ਗੁਰਚਰਨ ਕੌਰ, ਰੂਪ ਰਾਣੀ, ਸੁਖਦੇਵ ਕੌਰ, ਮਨਜੀਤ ਕੌਰ ਗੰਗਾ, ਰੇਖਾ ਰਾਣੀ, ਸੁਨੈਣਾ, ਸਤਵੀਰ ਕੌਰ, ਰਣਜੀਤ ਕੌਰ, ਮਨਮੀਤ ਕੌਰ, ਕੁਲਦੀਪ ਕੌਰ, ਰੁਪਿੰਦਰ ਕੌਰ, ਨਵਜੋਤ ਕੌਰ, ਹਰਵੀਰ ਕੌਰ ਤੇ ਮੀਨਾ ਰਾਣੀ ਆਦਿ ਆਗੂ ਹਾਜ਼ਰ ਸਨ।