ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸੰਗਤ ਨੂੰ ਹਾਰਦਿਕ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਆਪਣੇ ਵਧਾਈ ਸੰਦੇਸ਼ ਵਿਚ ਕਿਹਾ ਕਿ ਗੁਰੂ ਸਾਹਿਬ ਨੇ ਅਧਿਆਤਮਕ ਅਗਵਾਈ ਦੇ ਨਾਲ ਨਾਲ ਮਾਨਵਤਾ ਦੀ ਸੇਵਾ ਲਈ ਲਈ ਵੀ ਸਮਾਜ ਦਾ ਮਾਰਗ ਦਰਸ਼ਨ ਕੀਤਾ। ਗੁਰੂ ਸਾਹਿਬ ਦਾ ਜੀਵਨ ਸਮਾਜ ਨੂੰ ਸੁਖਾਵਾਂ ਬਣਾਉਣ ਲਈ ਮਨੁੱਖਤਾ ਲਈ ਰਾਹ ਦਸੇਰਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਗੁਰੂ ਹਰਿਰਾਇ ਸਾਹਿਬ ਬੇਹੱਦ ਕੋਮਲ ਚਿੱਤ ਅਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਸਨ। ਉਨ੍ਹਾਂ ਕਿਹਾ ਕਿ ਅੱਜ ਜਦੋਂ ਸਮਾਜ ਅੰਦਰ ਕਰਮਕਾਡਾਂ ਤੇ ਧਰਮ ਦੇ ਨਾਂ ’ਤੇ ਅਰਥਹੀਣ ਮਾਨਤਾਵਾਂ ਦਾ ਚਲਨ ਵੱਧ ਰਿਹਾ ਹੈ ਤਾਂ ਇਸ ਸਮੇਂ ਸਤਵੇਂ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਤੇ ਉਨ੍ਹਾਂ ਵੱਲੋਂ ਦਿੱਤੀਆਂ ਗਈਆਂ ਸੇਧਾਂ ਵੱਡਾ ਮਹੱਤਵ ਰੱਖਦੀਆਂ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਉਨ੍ਹਾਂ ਨੂੰ ਨਤਮਸਤਕ ਹੁੰਦਿਆਂ ਸਮਾਜਿਕ ਤੇ ਭਾਈਚਾਰਕ ਇੱਕਜੁਟਤਾ ਲਈ ਸਭ ਨੂੰ ਮਿਲ ਕੇ ਕਾਰਜਸ਼ੀਲ ਹੋਣ ਦੀ ਅਪੀਲ ਕੀਤੀ।