ਅਮਰੀਕਾ ਵਿੱਚ ਹਰ ਸਾਲ ਲੋਕਾਂ ਵਿਚਲੇ ਆਪਸੀ ਝਗੜੇ ਦਰਜ ਕੀਤੇ ਜਾਂਦੇ ਹਨ। ਕਈ ਵਾਰ ਇਹ ਝਗੜੇ ਇੰਨੇ ਹਿੰਸਕ ਹੋ ਜਾਂਦੇ ਹਨ ਕਿ ਕਿਸੇ ਇੱਕ ਦੀ ਮੌਤ ਨਾਲ ਖਤਮ ਹੁੰਦੇ ਹਨ। ਅਜਿਹੀ ਹੀ ਇੱਕ ਘਟਨਾ ਫਰਿਜ਼ਨੋ ਵਿੱਚ ਵਾਪਰੀ ਹੈ, ਜਿੱਥੇ ਇੱਕ ਵਿਅਕਤੀ ਨੇ ਆਪਸੀ ਰੰਜਿਸ਼ ਦੇ ਚਲਦਿਆਂ ਦੂਜੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਪੁਲਿਸ ਅਨੁਸਾਰ ਉੱਤਰ ਪੂਰਬੀ ਫਰਿਜ਼ਨੋ ਵਿੱਚ ਲਗਭਗ ਪਿਛਲੇ ਇੱਕ ਸਾਲ ਤੋਂ ਚੱਲ ਰਹੇ ਝਗੜੇ ਕਾਰਨ ਇੱਕ 50 ਸਾਲਾ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ। ਪੁਲਿਸ ਅਧਿਕਾਰੀ ਸ਼ਨੀਵਾਰ ਸਵੇਰੇ 10 ਵਜੇ ਪੂਰਬੀ ਸੀਅਰਾ ਐਵੀਨਿਊ ਅਤੇ ਨੌਰਥ ਕਲਾਰਕ ਸਟ੍ਰੀਟ ਦੇ ਇੱਕ ਹੋਮ ਪਾਰਕ ਵਿਚ ਪਹੁੰਚੇ ਜਿੱਥੇ ਘਟਨਾ ਵਾਪਰੀ ਸੀ। ਅਧਿਕਾਰੀਆਂ ਨੇ ਇੱਕ ਆਦਮੀ ਜਿਸਦੇ ਸਰੀਰ ਦੇ ਉੱਪਰਲੇ ਹਿੱਸੇ ਵਿੱਚ ਗੋਲੀਆਂ ਲੱਗੀਆਂ ਸਨ ਨੂੰ ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ ਪਹੁੰਚਾਇਆ ਜਿਥੇ ਉਸਦੀ ਮੌਤ ਹੋ ਗਈ। ਫਰਿਜ਼ਨੋ ਪੁਲਿਸ ਦੇ ਲੈਫਟੀਨੈਂਟ ਚਾਰਲੀ ਚਮਾਲਬਾਈਡ ਨੇ ਦੱਸਿਆ ਕਿ ਗੁਆਂਢੀਆਂ ਅਨੁਸਾਰ ਇਹ ਵਿਅਕਤੀ ਲੰਮੇ ਸਮੇਂ ਤੋਂ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ ਸਨ। ਘਟਨਾ ਵਾਲੇ ਦਿਨ ਕਿਸੇ ਗੱਲੋਂ ਉਨ੍ਹਾਂ ਵਿੱਚ ਝਗੜਾ ਹੋਇਆ ਅਤੇ ਬਾਅਦ ਵਿੱਚ ਜਦੋਂ ਇੱਕ ਵਿਅਕਤੀ ਘਰ ਵਿੱਚ ਸੀ ਤਾਂ ਦੂਸਰੇ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ। ਮਾਮਲੇ ਦਾ ਦੋਸ਼ੀ 49 ਸਾਲਾ ਵਿਅਕਤੀ ਉਸ ਸਮੇਂ ਭੱਜ ਗਿਆ ਸੀ। ਪਰ ਪੁਲਿਸ ਨੇ ਸ਼ਨੀਵਾਰ ਸ਼ਾਮ 5 ਵਜੇ ਤੋਂ ਪਹਿਲਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਪਰ ਅਜੇ ਉਸਦਾ ਨਾਮ ਜਾਰੀ ਨਹੀਂ ਕੀਤਾ ਗਿਆ ਹੈ।