ਕਾਠਮੰਡੂ – ਨੇਪਾਲ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੂੰ ਸੁਪਰੀਮ ਕੋਰਟ ਨੇ ਅੱਜ ਵੱਡਾ ਝਟਕਾ ਦਿੱਤਾ। ਅਦਾਲਤ ਨੇ ਓਲੀ ਦੇ ਸੰਸਦ ਭੰਗ ਕਰਨ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਅਤੇ 13 ਦਿਨਾਂ ਵਿੱਚ ਸੰਸਦ ਦਾ ਇਜਲਾਸ ਸੱਦਣ ਦੇ ਹੁਕਮ ਦਿੱਤੇ ਹਨ। ਚੀਫ਼ ਜਸਟਿਸ ਚੋਲੇਂਦਰ ਸ਼ਮਸ਼ੇਰ ਦੀ ਅਗਵਾਈ ਹੇਠਲੇ ਪੰਜ ਮੈਂਬਰੀ ਸੰਵਿਧਾਨਕ ਬੈਂਚ ਨੇ ਸੰਸਦ ਦੇ 275 ਮੈਂਬਰੀ ਹੇਠਲੇ ਸਦਨ ਨੂੰ ਭੰਗ ਕਰਨ ਦੇ ਸਰਕਾਰ ਦੇ ਫ਼ੈਸਲੇ ’ਤੇ ਰੋਕ ਲਾਉਂਦਿਆਂ ਅਗਲੇ 13 ਦਿਨਾਂ ਵਿੱਚ ਸਦਨ ਦਾ ਇਜਲਾਸ ਸੱਦਣ ਲਈ ਕਿਹਾ। ਸੱਤਾਧਾਰੀ ਪਾਰਟੀ ਵਿੱਚ ਖਿੱਚੋਤਾਣ ਦੌਰਾਨ ਨੇਪਾਲ ਉਸ ਸਮੇਂ ਸਿਆਸੀ ਸੰਕਟ ਵਿੱਚ ਘਿਰ ਗਿਆ ਸੀ, ਜਦੋਂ ਪ੍ਰਧਾਨ ਮੰਤਰੀ ਓਲੀ ਦੀ ਸਿਫ਼ਾਰਿਸ਼ ’ਤੇ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ 20 ਦਸੰਬਰ ਨੂੰ ਸੰਸਦ ਦੀ ਕਾਰਜਕਾਰਨੀ ਸਭਾ ਨੂੰ ਭੰਗ ਕਰ ਦਿੱਤਾ ਸੀ। ਓਲੀ ਦੇ ਸੰਸਦ ਨੂੰ ਭੰਗ ਕਰਨ ਦੇ ਫ਼ੈਸਲੇ ਦਾ ਪੁਸ਼ਪ ਕਮਲ ਦਹਲ ‘ਪ੍ਰਚੰਡ’ ਦੀ ਅਗਵਾਈ ਵਾਲੀ ਨੇਪਾਲੀ ਕਮਿਊਨਿਸਟ ਪਾਰਟੀ ਦੇ ਵਿਰੋਧੀ ਧੜੇ ਨੇ ਵਿਰੋਧ ਕੀਤਾ ਸੀ।