ਮੁੰਬਈ – ਬੌਲੀਵੁੱਡ ਅਦਾਕਾਰਾ ਤਾਪਸੀ ਪੰਨੂ ਨੇ ਫਿਲਮ ‘ਲੂਪ ਲਪੇਟਾ’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਉਸ ਨੇ ਦੱਸਿਆ ਕਿ ਉਸ ਨੇ ਕਈ ਫਿਲਮਾਂ ਵਿਚ ਅਦਾਕਾਰੀ ਕਰਨ ਲਈ ਭੱਜ ਦੌੜ ਕੀਤੀ ਪਰ ਕਈ ਫਿਲਮਾਂ ਉਸ ਨੂੰ ਆਪਣੇ ਆਪ ਹੀ ਆਸਾਨੀ ਨਾਲ ਮਿਲ ਗਈਆਂ। ਉਹ ਫਿਲਮਾਂ ਮਿਲਣ ’ਤੇ ਆਪਣੇ ਦੋਸਤਾਂ ਤੇ ਆਪਣੀ ਕਿਸਮਤ ਦੀ ਸ਼ੁਕਰਗੁਜ਼ਾਰ ਹੈ। ਤਾਪਸੀ ਨੇ ਕਿਹਾ ਕਿ ਉਸ ਨੇ ਸ਼ੁਰੂ ਵਿਚ ਇਸ ਫਿਲਮ ਨੂੰ ਨਾ ਕਰਨ ਬਾਰੇ ਸੋਚਿਆ ਸੀ ਪਰ ਬਾਅਦ ਵਿਚ ਇਸ ਦੀ ਸਕ੍ਰਿਪਟ ਪੜ੍ਹ ਕੇ ਹਾਂ ਕੀਤੀ ਜੋ ਉਸ ਨੂੰ ਬਹੁਤ ਵਧੀਆ ਲੱਗੀ। ਤਾਪਸੀ ਨੇ ਇੰਸਟਾਗਰਾਮ ’ਤੇ ਆਪਣੀ ਤਸਵੀਰ ਪੋਸਟ ਕੀਤੀ ਜਿਸ ਵਿਚ ਉਹ ਡਾਇਰੈਕਟਰ ਤੇ ਫਿਲਮ ਦੇ ਅਮਲੇ ਨਾਲ ਗੱਲ ਕਰਦੀ ਦਿਖਦੀ ਹੈ। ‘ਲੂਪ ਲਪੇਟਾ’ ਜਰਮਨ ਫਿਲਮ ‘ਰਨ ਲੋਲਾ ਰਨ’ ਦੀ ਤਰਜ਼ ’ਤੇ ਬਣਾਈ ਗਈ ਹੈ। ਇਸ ਦੇ ਨਾਲ ਹੀ ਤਾਪਸੀ ਨੇ ਆਪਣੀ ਅਗਲੀ ਫਿਲਮ ‘ਸ਼ਾਬਾਸ਼ ਮਿੱਠੂ’ ਲਈ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਹੈ ਜਿਸ ਵਿਚ ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਥਾਲੀ ਰਾਜ ਦੀ ਭੂਮਿਕਾ ਨਿਭਾਏਗੀ।
















