ਨਵੀਂ ਦਿੱਲੀ – ਭਾਰਤ ਸਰਕਾਰ ਨੇ ਅੱਜ ਰਾਜ ਸਭਾ ਵਿੱਚ ਸਪੱਸ਼ਟ ਤੌਰ ’ਤੇ ਕਿਹਾ ਕਿ ਜੇਕਰ ਫ਼ਰਜ਼ੀ ਖ਼ਬਰਾਂ ਤੇ ਹਿੰਸਾ ਫੈਲਾਈ ਗਈ ਤਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਸੰਚਾਰ, ਇਲੈਕਟ੍ਰੌਨਿਕ ਤੇ ਸੂਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ, ‘‘ਦੇਸ਼ ਵਿੱਚ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ ਪਰ ਧਾਰਾ 19ੲੇ ਕਹਿੰਦੀ ਹੈ ਕਿ ਵਿਚਾਰਾਂ ਦੇ ਪ੍ਰਗਟਾਵੇ ’ਤੇ ਵੀ ਇਕ ਜਾਇਜ਼ ਪਾਬੰਦੀ ਲਾਗੂ ਹੁੰਦੀ ਹੈ।’’ਸ੍ਰੀ ਪ੍ਰਸਾਦ ਨੇ ਕਿਹਾ, ‘‘ਅਸੀਂ ਸੋਸ਼ਲ ਮੀਡੀਆ ਦਾ ਬਹੁਤ ਸਨਮਾਨ ਕਰਦੇ ਹਾਂ, ਇਸ ਨੇ ਆਮ ਲੋਕਾਂ ਨੂੰ ਸ਼ਕਤੀਸ਼ਾਲੀ ਬਣਾਇਆ ਹੈ। ਸੋਸ਼ਲ ਮੀਡੀਆ ਦੀ ਡਿਜੀਟਲ ਇੰਡੀਆ ਪ੍ਰੋਗਰਾਮ ਵਿੱਚ ਵੱਡੀ ਭੂਮਿਕਾ ਹੈ ਪਰ ਜੇਕਰ ਸੋਸ਼ਲ ਮੀਡੀਆ ਦਾ ਇਸਤੇਮਾਲ ਫ਼ਰਜ਼ੀ ਖ਼ਬਰਾਂ ਅਤੇ ਹਿੰਸਾ ਫੈਲਾਉਣ ਲਈ ਕੀਤਾ ਜਾਂਦਾ ਹੈ ਤਾਂ ਭਾਰਤ ਵਿੱਚ ਸੋਸ਼ਲ ਮੀਡੀਆ ਦੇ ਗਲਤ ਇਸਤੇਮਾਲ ’ਤੇ ਕਾਰਵਾਈ ਕੀਤੀ ਜਾਵੇਗੀ, ਫਿਰ ਭਾਵੇਂ ਉਹ ਟਵਿੱਟਰ ਹੋਵੇ ਜਾਂ ਕੋਈ ਹੋਰ ਪਲੇਟਫਾਰਮ।’’ ਕੇਂਦਰੀ ਮੰਤਰੀ ਨੇ ਕਿਹਾ, ‘‘ਅਸੀਂ ਕੁਝ ਮੁੱਦੇ ਟਵਿੱਟਰ ਕੋਲ ਉਠਾਏ ਹਨ ਅਤੇ ਜੇਕਰ ਸੋਸ਼ਲ ਪਲੇਟਫਾਰਮ ਦੇਸ਼ ਵਿੱਚ ਕਾਰੋਬਾਰ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਭਾਰਤੀ ਕਾਨੂੰਨਾਂ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ। ਵੱਖ-ਵੱਖ ਦੇਸ਼ਾਂ ਲਈ ਵੱਖ-ਵੱਖ ਮਾਪਦੰਡਾਂ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਇਹ ਮਾਪਦੰਡ ਕੈਪੀਟੋਲ ਹਿੱਲ ਘਟਨਾ ਤੇ ਲਾਲ ਕਿਲੇ ਦੀ ਘਟਨਾ ਲਈ ਵੱਖ-ਵੱਖ ਨਹੀਂ ਹੋ ਸਕਦੇ।’’ ਭਾਰਤ ਸਰਕਾਰ ਨੇ ਟਵਿੱਟਰ ਨੂੰ ਕਿਸਾਨ ਅੰਦੋਲਨ ਵਿਚਾਲੇ ਭੜਕਾਊ ਟਵੀਟ ਡਿਲੀਟ ਕਰਨ ਲਈ ਕਿਹਾ ਸੀ ਪਰ ਸਰਕਾਰ ਦੇ ਇਨ੍ਹਾਂ ਹੁਕਮਾਂ ਨੂੰ ਮੰਨਣ ਵਿੱਚ ਦੇਰੀ ਕਰਨ ’ਤੇ ਬੁੱਧਵਾਰ ਨੂੰ ਸਰਕਾਰ ਨੇ ਟਵਿੱਟਰ ਨਾਲ ਨਾਰਾਜ਼ਗੀ ਜ਼ਾਹਿਰ ਕੀਤੀ ਸੀ।