ਵੈਲਿੰਗਟਨ – ਟਾਈ ਬੰਨ੍ਹਣ ਤੋਂ ਇਨਕਾਰ ਕਰਨ ’ਤੇ ਨਿਊਜ਼ੀਲੈਂਡ ਦੀ ਸੰਸਦ ’ਚੋਂ ਕੱਢੇ ਗਏ ਮਾਓਰੀ ਆਗੂ ਰਾਵਿਰੀ ਵੈਟਿਟੀ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਪੱਛਮੀ ਕੱਪੜੇ ਪਹਿਨਣ ਲਈ ਮਜਬੂਰ ਕਰਨਾ ਉਨ੍ਹਾਂ ਦੇ ਹੱਕਾਂ ਦਾ ਘਾਣ ਹੈ ਅਤੇ ਸਵਦੇਸ਼ੀ ਸੱਭਿਆਚਾਰ ਨੂੰ ਦਬਾਉਣ ਦੀ ਕੋਸ਼ਿਸ਼ ਹੈ। ਸਦਨ ਦੇ ਸਪੀਕਰ ਨੇ ਰਾਵਿਰੀ ਵੈਟਿਟੀ ਨੂੰ ਦੋ ਵਾਰ ਕਿਹਾ ਕਿ ਉਹ ਸਦਨ ’ਚ ਸਵਾਲ ਤਾਂ ਹੀ ਪੁੱਛ ਸਕਦੇ ਹਨ ਜੇਕਰ ਉਹ ਗਲੇ ’ਚ ਟਾਈ ਬੰਨ੍ਹਦੇ ਹਨ। ਪਹਿਲੀ ਵਾਰ ਸੰਸਦ ਮੈਂਬਰ ਬਣੇ 40 ਸਾਲਾ ਵੈਟਿਟੀ ਨੇ ਫਿਰ ਵੀ ਸਵਾਲ ਪੁੱਛਣੇ ਜਾਰੀ ਰੱਖੇ ਤਾਂ ਸਪੀਕਰ ਨੇ ਉਨ੍ਹਾਂ ਨੂੰ ਸਦਨ ’ਚੋਂ ਬਾਹਰ ਚਲੇ ਜਾਣ ਦਾ ਹੁਕਮ ਦਿੱਤਾ। ਮਾਓਰੀ ਸੱਭਿਅਤਾ ਦਾ ਲੌਕੇਟ ‘ਟਾਓਂਗਾ’ ਪਹਿਨ ਕੇ ਸੰਸਦ ’ਚ ਆਏ ਵੈਟਿਟੀ ਨੇ ਕਿਹਾ ਕਿ ਇਹ ਮਸਲਾ ਸਿਰਫ਼ ਇੱਕ ਟਾਈ ਦਾ ਨਹੀਂ ਹੈ ਬਲਕਿ ਸਭਿਆਚਾਰਕ ਪਛਾਣ ਦਾ ਹੈ। ਨਿਊਜ਼ੀਲੈਂਡ ’ਚ ਵਾਪਰੀ ਇਸ ਘਟਨਾ ਨੇ ਬਸਤੀਵਾਦ ਬਾਰੇ ਬਹਿਸ ਮੁੜ ਛੇੜ ਦਿੱਤੀ ਹੈ ਅਤੇ ਸੋਸ਼ਲ ਮੀਡੀਆ ’ਤੇ ‘ਹੈਸ਼ਟੈਗ ਨੋ ਟਾਈ’ ਮੁਹਿੰਮ ਸ਼ੁਰੂ ਹੋ ਸਕਦੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਵੈਟਿਟੀ ਨੇ ਕਿਹਾ ਕਿ ਉਹ ਸਦਨ ਦੇ ਸਪੀਕਰ ਵੱਲੋਂ ਕੀਤੇ ਗਏ ਵਿਹਾਰ ਤੋਂ ਹੈਰਾਨ ਨਹੀਂ ਹਨ ਕਿਉਂਕਿ ਮਾਓਰੀ ਲੋਕਾਂ ਨਾਲ ਪਿਛਲੇ ਸੈਂਕੜੇ ਸਾਲਾਂ ਤੋਂ ਅਜਿਹਾ ਵਿਹਾਰ ਹੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ‘ਦੇਸ਼ ਵਿੱਚ ਮਾਓਰੀ ਲੋਕਾਂ ਨਾਲ ਬਰਾਬਰੀ ਵਾਲਾ ਵਿਹਾਰ ਨਹੀਂ ਕੀਤਾ ਜਾਂਦਾ ਅਤੇ ਦੋਇਮ ਦਰਜੇ ਦੇ ਨਾਗਰਿਕ ਹੀ ਸਮਝਿਆ ਜਾਂਦਾ ਹੈ।’