ਕੈਲਗਰੀ, 17 ਅਗਸਤ 2021 : ਰਾਜਧਾਨੀ ਐਡਮੰਟਨ ਵਿੱਚ ਇਕ ਪਾਰਕ ਦਾ ਨਾਮ ਅਜਿਹੇ ਵਿਅਕਤੀ ਦੇ ਨਾਮ ‘ਤੇ ਰੱਖਿਆ ਗਿਆ ਹੈ ਜਿਸ ਨੂੰ ਕਿਸੇ ਵੇਲੇ ਐਡਮੰਟਨ ਵਿੱਚ ਨੌਕਰੀ ਲਈ ਹੋਈ ਇੰਟਰਵਿਊ ਮੌਕੇ ਕਿਹਾ ਗਿਆ ਸੀ ਕਿ ਉਹ ਕੈਨੇਡੀਅਨ ਨਹੀਂ ਲੱਗਦਾ ਹੈ। ਮਗਰੋਂ ਇਹੀ ਵਿਅਕਤੀ ਕੈਨੇਡੀਅਨ ਸਿਟਿਜ਼ਨਸ਼ਿਪ ਕੋਰਟ ਦਾ ਜੱਜ ਵੀ ਰਿਹਾ। ਹੁਣ ਇਸ ਵਿਅਕਤੀ ਦੇ ਨਾਮ ‘ਤੇ ਅਡਮੰਟਨ ਵਿੱਚ ਇਕ ਪਾਰਕ ਸਮਰਪਿਤ ਕੀਤਾ ਗਿਆ ਹੈ। 90 ਸਾਲਾ ਗੁਰਚਰਨ ਭਾਟੀਆ ਦੇ ਜੀਵਨ ਕਾਲ ਵਿੱਚ ਹੀ ਉਹਨਾਂ ਦੇ ਨਾਮ ਦਾ ਪਾਰਕ ਬਣਨਾ ਵੱਡੇ ਮਾਣ ਵਾਲੀ ਗੱਲ ਹੈ।
ਬਿਲ ਕੁਇਲ (Bill Quill) ਕਮਿਉਨਿਟੀ ਵਿੱਚ ਸਥਿਤ ਇਸ ਪਾਰਕ ਦਾ ਨਾਮ ਹੁਣ ਜੀਤੀ ਐਂਡ ਗੁਰਚਰਨ ਭਾਟੀਆ ਪਾਰਕ ਹੋਵੇਗਾ। ਗੁਰਚਰਨ ਭਾਟੀਆ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ। ਉਹਨਾਂ ਵੱਲੋਂ ਮੱਨੁਖੀ ਅਧਿਕਾਰਾਂ ਲਈ ਕੀਤੇ ਗਏ ਕੰਮਾਂ ਲਈ ਉਹਨਾਂ ਦਾ ਸਤਿਕਾਰ ਕੀਤਾ ਗਿਆ ਹੈ। ਉਹ 1964 ਵਿੱਚ ਕੈਨੇਡਾ ਆਏ ਸਨ ਤੇ ਉਹਨਾਂ ਨੂੰ ਕੋਈ ਕੰਮ ‘ਤੇ ਰੱਖਣ ਲਈ ਤਿਆਰ ਨਹੀਂ ਸੀ। ਇਸ ਮਗਰੋਂ ਉਹਾਂ ਮਨੁਖੀ ਅਧਿਕਾਰਾਂ ਦਾ ਝੰਡਾ ਚੁੱਕ ਲਿਆ। ਕੈਨੇਡੀਅਨ ਹਿਉਮਨ ਰਾਇਟਸ ਕਮਿਸ਼ਨ ਦੇ ਉਹ ਅੱਠ ਸਾਲ ਮੈਂਬਰ ਰਹੇ ਤੇ ਮਗਰੋਂ ਕੈਨੇਡੀਅਨ ਸਿਟਿਜ਼ਨਸ਼ਿਪ ਕੋਰਟ ਦੇ ਜੱਜ ਨਿਯੁਕਤ ਹੋਏ। ਭਾਟੀਆ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੇ ਕੰਮਾਂ ‘ਤੇ ਤਸੱਲੀ ਹੈ ਤੇ ਕਿਹਾ ਕਿ ਉਹ ਮਾਣਮੱਤਾ ਮਹਿਸੂਸ ਕਰਦੇ ਹਨ।