ਕੈਲੀਫੋਰਨੀਆ – ਅਮਰੀਕਾ ਦੇ ਸਾਬਕਾ ਸੈਕਟਰੀ ਆਫ ਸਟੇਟ ਜਾਰਜ ਸ਼ਲਟਜ਼ ਦੀ 100 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਉਹਨਾਂ ਦੀ ਮੌਤ ਬਾਰੇ ਪੁਸ਼ਟੀ ਹੂਵਰ ਇੰਸਟੀਚਿਊਟ ਦੁਆਰਾ ਕੀਤੀ ਗਈ ਹੈ ,ਜਿਸਦੇ ਅਨੁਸਾਰ ਸ਼ਲਟਜ਼ ਦਾ ਸ਼ਨੀਵਾਰ ਨੂੰ ਸਟੈਨਫੋਰਡ ਯੂਨੀਵਰਸਿਟੀ ਕੈਂਪਸ ਵਿਖੇ ਉਸਦੇ ਘਰ ਵਿੱਚ ਦਿਹਾਂਤ ਹੋਇਆ ਹੈ। ਹਾਲਾਂਕਿ ਉਹਨਾਂ ਦੀ ਮੌਤ ਦਾ ਕਾਰਨ ਫਿਲਹਾਲ ਨਹੀਂ ਦੱਸਿਆ ਗਿਆ ਹੈ। ਸ਼ਲਟਜ਼ ਨੇ ਤਿੰਨ ਅਮਰੀਕੀ ਰਾਸ਼ਟਰਪਤੀਆਂ ਦੇ ਅਧੀਨ ਕੰਮ ਕੀਤਾ ਅਤੇ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਨਾਲ ਸ਼ੀਤ ਯੁੱਧ ਨੂੰ ਖਤਮ ਕਰਨ ਵਿੱਚ ਸ਼ਲਟਜ਼ ਨੇ ਪ੍ਰਮੁੱਖ ਭੂਮਿਕਾ ਨਿਭਾਈ ਸੀ।ਜਾਰਜ ਦਾ ਜਨਮ ਨਿਊਯਾਰਕ ਸਿਟੀ ਵਿੱਚ ਹੋਇਆ , ਪਰ ਉਹਨਾਂ ਦਾ ਪਾਲਣ ਪੋਸ਼ਣ ਨਿਊਜਰਸੀ ਦੇ ਐਂਗਲਵੁੱਡ ਵਿੱਚ ਹੋਇਆ ਸੀ। 1969 ਵਿੱਚ ਰਾਸ਼ਟਰਪਤੀ ਰਿਚਰਡ ਨਿਕਸਨ ਦੁਆਰਾ ਲੇਬਰ ਦਾ ਸੱਕਤਰ ਨਿਯੁਕਤ ਕੀਤੇ ਜਾਣ ਤੋਂ ਪਹਿਲਾਂ ਜਾਰਜ ਨੇ ਕਈ ਯੂਨੀਵਰਸਿਟੀਆਂ ਵਿੱਚ ਪੜ੍ਹਾਇਆ ਸੀ। ਇਸਦੇ ਇਲਾਵਾ ਉਹਨਾਂ ਨੇ ਨਿਕਸਨ ਦੇ ਮੰਤਰੀ ਮੰਡਲ ਵਿੱਚ ਕਈ ਅਹੁਦਿਆਂ ‘ਤੇ ਸੇਵਾਵਾਂ ਨਿਭਾਈਆਂ। ਸ਼ਲਟਜ਼ ਨੇ 1970 ਵੇ ਦਹਾਕੇ ਦੇ ਅੱਧ ਵਿੱਚ ਸਿੱਖਿਆ ਅਤੇ ਇੱਕ ਇੰਜੀਨੀਅਰਿੰਗ ਫਰਮ ਵਿੱਚ ਕੰਮ ਕਰਨ ਲਈ ਸਰਕਾਰ ਨੂੰ ਛੱਡਿਆ ਅਤੇ ਇਸ ਤੋਂ ਪਹਿਲਾਂ ਸ਼ਲਟਜ਼ ਰੀਗਨ ਦੁਆਰਾ ਰਾਜ ਦੇ ਸੱਕਤਰ ਸਮੇਤ ਦੋ ਮੁੱਖ ਅਹੁਦਿਆਂ ਤੇ ਨਿਯੁਕਤ ਕੀਤੇ ਗਏ ਸਨ।ਸ਼ਲਟਜ਼ ਨੇ ਬਾਅਦ ਵਿੱਚ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਦੇ ਇੱਕ ਗੈਰ ਰਸਮੀ ਸਲਾਹਕਾਰ ਵਜੋਂ ਕੰਮ ਕੀਤਾ ਅਤੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ। ਇਸਦੇ ਇਲਾਵਾ 1989 ਵਿੱਚ, ਉਸਨੇ ਦੇਸ਼ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ, “ਮੈਡਲ ਆਫ਼ ਫਰੀਡਮ” ਹਾਸਲ ਕੀਤਾ। ਸ਼ਲਟਜ਼, ਜੋ ਸਟੈਨਫੋਰਡ ਦੇ ਗ੍ਰੈਜੂਏਟ ਸਕੂਲ ਆਫ ਬਿਜ਼ਨਸ ਵਿੱਚ ਪ੍ਰੋਫੈਸਰ ਸਨ ਅਤੇ ਦਹਾਕਿਆਂ ਤੋਂ ਹੂਵਰ ਇੰਸਟੀਚਿਊਟ ਵਿੱਚ ਸੇਵਾ ਨਿਭਾ ਰਹੇ ਸਨ ਯੂਨੀਵਰਸਿਟੀ ਅਨੁਸਾਰ ਸ਼ਲਟਜ਼ ਨੇ ਚਾਰ ਵੱਖਰੇ ਫੈਡਰਲ ਕੈਬਨਿਟ ਅਹੁਦਿਆਂ ਜਿਹਨਾਂ ਵਿੱਚ ਸਟੇਟ, ਖਜ਼ਾਨਾ, ਲੇਬਰ ਅਤੇ ਦਫ਼ਤਰ ਪ੍ਰਬੰਧਨ ਐਂਡ ਬਜਟ ਆਦਿ ਸ਼ਾਮਿਲ ਹਨ ,ਦੀਆਂ ਸੇਵਾਵਾਂ ਨਿਭਾਈਆਂ। ਸ਼ਲਟਜ਼ ਆਪਣੇ ਪਿੱਛੇ ਪਤਨੀ ਸਮੇਤ ਪੰਜ ਬੱਚੇ, 11 ਪੋਤੇ-ਪੋਤੀਆਂ ਅਤੇ ਨੌਂ ਪੜਪੋਤੇ-ਪੋਤੀਆਂ ਛੱਡ ਗਏ ਹਨ।