ਕੈਲੀਫੋਰਨੀਆ – ਕਿਸਮਤ ਕਦੋਂ ਕਿਸੇ ‘ਤੇ ਮੇਹਰਬਾਨ ਹੋ ਜਾਂਦੀ ਹੈ, ਇਸ ਦੀ ਮਿਸਾਲ ਇੱਕ ਆਈਡਾਹੋ ਨਿਵਾਸੀ ਨੇ ਕਾਇਮ ਕੀਤੀ ਹੈ, ਜਿਸ ਨੇ ਛੇਵੀਂ ਵਾਰ ਲੱਖਾਂ ਡਾਲਰ ਦਾ ਇਨਾਮ ਲਾਟਰੀ ਦੇ ਰੂਪ ਵਿੱਚ ਜਿੱਤਿਆ ਹੈ। ਆਈਡਾਹੋ ਦੇ ਮੈਰੀਡੀਅਨ ਵਾਸੀ ਬ੍ਰਾਇਨ ਮੌਸ ਨੇ ਵੀਰਵਾਰ, 28 ਜਨਵਰੀ ਨੂੰ ਆਈਡਾਹੋ ਲਾਟਰੀ ਸਕ੍ਰੈਚ ਗੇਮ ਕ੍ਰਾਸਵਰਡ ਵਿੱਚ 250,000 ਡਾਲਰ ਦੀ ਜਿੱਤ ਪ੍ਰਾਪਤ ਕੀਤੀ ਹੈ। ਇਸ ਵਿਅਕਤੀ ਬ੍ਰਾਇਨ ਦੀ ਇਹ ਛੇਵੀਂ ਵੱਡੀ ਇਨਾਮੀ ਲਾਟਰੀ ਦੀ ਜਿੱਤ ਹੈ।ਬ੍ਰਾਇਨ ਮੈਰੀਡੀਅਨ ਵਿੱਚ ਨਿਊਕੋ ਸਪੋਰਟ ਐਂਡ ਨਿਊਟ੍ਰੀਸ਼ੀਅਨ ਸਿਹਤ ਸਟੋਰ ਦਾ ਮਾਲਕ ਹੈ। ਬ੍ਰਾਇਨ ਨੇ ਜਿੱਤਣ ਵਾਲੀ ਇਹ ਟਿਕਟ ਈਗਲ ਰੋਡ ਅਤੇ ਮੈਰੀਡੀਅਨ ਦੇ ਗੋਲਡਸਟੋਨ ਦੇ ਐਕਸਟ੍ਰਾਮੇਲ ਤੋਂ ਖਰੀਦੀ ਸੀ ਅਤੇ ਇਸ ਜੇਤੂ ਟਿਕਟ ਨੂੰ ਵੇਚਣ ਦੇ ਲਈ, ਐਕਸਟ੍ਰਾਮੇਲ ਨੂੰ ਆਈਡਾਹੋ ਲਾਟਰੀ ਵੱਲੋਂ 20,000 ਡਾਲਰ ਦਾ ਬੋਨਸ ਭੁਗਤਾਨ ਦਿੱਤਾ ਜਾਵੇਗਾ। ਇਸ ਲਾਟਰੀ ਦੇ ਵਿਜੇਤਾ ਬ੍ਰਾਇਨ ਨੇ ਦੱਸਿਆ ਕਿ ਉਹ ਆਪਣੀਆਂ ਜਿੱਤਾਂ ਦੇ ਪੈਸੇ ਆਪਣੀ ਲੜਕੀ ਦੇ ਭਵਿੱਖ ਅਤੇ ਸਿੱਖਿਆ ਲਈ ਇੱਕ ਪਾਸੇ ਰੱਖਣ ਦੀ ਯੋਜਨਾ ਬਣਾ ਰਿਹਾ ਹੈ।ਆਈਡਾਹੋ ਲਾਟਰੀ ਅਨੁਸਾਰ 1989 ਵਿੱਚ ਸ਼ੁਰ ਹੋਈ ਇਸ ਲਾਟਰੀ ਨੇ 4.2 ਬਿਲੀਅਨ ਡਾਲਰ ਤੋਂ ਵੱਧ ਦੇ ਉਤਪਾਦਾਂ ਨੂੰ ਵੇਚਣ ਦੇ ਨਾਲ ਲੋਕਾਂ ਨੂੰ 2.6 ਬਿਲੀਅਨ ਡਾਲਰ ਤੋਂ ਵੱਧ ਦੇ ਇਨਾਮ ਦਿੱਤੇ ਹਨ। ਇਸਦੇ ਇਲਾਵਾ 249 ਮਿਲੀਅਨ ਡਾਲਰ ਰਿਟੇਲ ਕਮਿਸ਼ਨਾਂ ਵਿੱਚ ਵੀ ਦਿੱਤੇ ਹਨ।