ਸਰੀ, 18 ਜੂਨ 2020-ਸਰੀ ਦੀ ਪੁਲਿਸ ਨੇ ਸਕੂਲਾਂ ਵਿਚ ਤੋੜ-ਭੰਨ ਕਰ ਕੇ ਚੋਰੀ ਕਰਨ ਵਾਲੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਨ੍ਹਾਂ ਪਾਸੋਂ ਕਈ ਕੰਪਿਊਟਰ, ਪ੍ਰੋਜੈਕਟਰ, ਇਲੈਕਟ੍ਰੋਨਿਕਸ ਦਾ ਸਾਮਾਨ, ਸਾਈਕਲ, ਕ੍ਰੇਡਿਟ ਕਾਰਡ ਅਤੇ 18 ਹਜਾਰ ਡਾਲਰ ਕੈਸ਼ ਬਰਾਮਦ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਸਭ ਸਾਮਾਨ ਇਨ੍ਹਾਂ ਚੋਰਾਂ ਨੇ ਸਰੀ ਦੇ ਵੱਖ-ਵੱਖ ਸਕੂਲਾਂ ਵਿਚ 20 ਥਾਵਾਂ ਤੇ ਤੋੜ ਭੰਨ ਕਰਕੇ ਚੋਰੀ ਕੀਤਾ ਹੈ।
ਪੁਲਿਸ ਅਨੁਸਾਰ ਤੋੜ-ਭੰਨ ਦੀਆਂ ਇਹ ਵਾਰਦਾਤਾਂ ਇਨ੍ਹਾਂ ਤਿੰਨਾਂ ਨੇ 1 ਮਈ ਤੋਂ 9 ਜੂਨ ਦੇ ਵਿਚਕਾਰ ਕੀਤੀਆਂ। ਪੁੱਛਗਿੱਛ ਤੋਂ ਬਾਅਦ ਆਰਸੀਐਮਪੀ ਨੇ ਤਿੰਨ ਵੱਖ-ਵੱਖ ਨਿਵਾਸ ਸਥਾਨਾਂ (126 ਸਟ੍ਰੀਟ ਦੇ 9500 ਬਲਾਕ ਵਿੱਚ, 146 ਸਟ੍ਰੀਟ ਦੇ 10200-ਬਲਾਕ ਅਤੇ 14100 ਬਲਾਕ 83 ਐਵੀਨਿਊ) ਦੇ ਸਰਚ ਵਾਰੰਟ ਲੈ ਕੇ ਤਲਾਸ਼ੀ ਲਈ ਤਾਂ ਤਲਾਸ਼ੀ ਦੌਰਾਨ ਪੁਲਿਸ ਅਧਿਕਾਰੀਆਂ ਨੇ ਕੰਪਿਊਟਰ, ਪ੍ਰੋਜੈਕਟਰ ਅਤੇ ਇਲੈਕਟ੍ਰਾਨਿਕਸ ਸਾਮਾਨ ਨੂੰ ਜ਼ਬਤ ਕਰ ਲਿਆ, ਜਿਹੜੇ ਕੁਝ ਸਕੂਲ ਵਿਚੋਂ ਚੋਰੀ ਕੀਤੇ ਗਏ ਸਨ। ਪੁਲਿਸ ਨੂੰ ਇਨ੍ਹਾਂ ਪਾਸੋਂ ਵਧੀਆ ਸਾਈਕਲ, ਡਾਕ, ਕ੍ਰੈਡਿਟ ਕਾਰਡ ਅਤੇ 18,000 ਡਾਲਰ ਤੋਂ ਵੱਧ ਦੀ ਨਕਦੀ ਵੀ ਮਿਲੀ ਹੈ।
ਇਸ ਸਬੰਧ ਵਿਚ 38 ਸਾਲਾ ਥੌਮਸ ਬਾਰਕ ਉਪਰ ਪ੍ਰਾਈਵੇਟ ਪ੍ਰਾਪਰਟੀ ਵਿਚ ਦਾਖ਼ਲ ਹੋਣ ਅਤੇ ਤੋੜ-ਭੰਨ ਕਰਨ ਦੇ ਦੋਸ਼ ਲਾਏ ਗਏ ਹਨ ਪਰ ਕੁਝ ਸ਼ਰਤਾਂ’ ਤੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਬਾਕੀ ਦੋਹਾਂ ਨੂੰ ਵੀ ਅਗਲੀ ਜਾਂਚ ਤੱਕ ਛੱਡ ਦਿੱਤਾ ਗਿਆ ਹੈ।