ਨਵੀਂ ਦਿੱਲੀ – ਸੀਨੀਅਰ ਕਾਂਗਰਸੀ ਆਗੂ ਪੀ.ਚਿਦੰਬਰਮ ਨੇ ਸੰਸਦ ਵਿੱਚ ਪੇਸ਼ ਸਾਲਾਨਾ ਬਜਟ ’ਤੇ ਆਪਣੇ ਪ੍ਰਤੀਕਰਮ ’ਚ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਉਨ੍ਹਾਂ ਸਾਰੇ ਲੋਕਾਂ ਨਾਲ ਧੋਖਾ ਕੀਤਾ ਹੈ, ਜੋ ਉਨ੍ਹਾਂ ਦੇ ਬਜਟ ਭਾਸ਼ਨ ਨੂੰ ਸੁਣ ਰਹੇ ਸਨ। ਉਨ੍ਹਾਂ ਕਿਹਾ ਕਿ ਖਾਸ ਕਰਕੇ ਸੰਸਦ ਮੈਂਬਰਾਂ ਨਾਲ ਵੱਡਾ ਧੋਖਾ ਹੋਇਆ ਹੈ, ਜਿਨ੍ਹਾਂ ਨੂੰ ਇਸ ਗੱਲ ਦਾ ਭੋਰਾ ਵੀ ਇਲਮ ਨਹੀਂ ਹੋਇਆ ਕਿ ਉਨ੍ਹਾਂ (ਵਿੱਤ ਮੰਤਰੀ) ਪੈਟਰੋਲ ਤੇ ਡੀਜ਼ਲ ਸਮੇਤ ਵੱਡੀ ਗਿਣਤੀ ਉਤਪਾਦਾਂ ’ਤੇ ਸੈਸ ਲਾ ਦਿੱਤਾ ਹੈ। ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਕਿਸਾਨਾਂ ਸਮੇਤ ਆਮ ਨਾਗਰਿਕਾਂ ਲਈ ‘ਵੱਡਾ ਝਟਕਾ’ ਹੈ। ਉਨ੍ਹਾਂ ਕਿਹਾ, ‘ਸੀਤਾਰਾਮਨ ਨੇ ਦੇਸ਼ ਦੇ ਲੋਕਾਂ, ਖਾਸ ਕਰਕੇ ਗ਼ਰੀਬਾਂ, ਕੰਮਕਾਜੀ ਜਮਾਤ, ਪਰਵਾਸੀਆਂ, ਕਿਸਾਨਾਂ, ਪੱਕੇ ਤੌਰ ’ਤੇ ਬੰਦ ਹੋ ਚੁੱਕੀਆਂ ਸਨਅਤੀ ਇਕਾਈਆਂ ਤੇ ਆਪਣੀਆਂ ਨੌਕਰੀਆਂ ਗੁਆ ਚੁੱਕੇ, ਸਥਾਈ ਤੇ ਗੈਰਰਸਮੀ ਅਤੇ ਅਜੇ ਵੀ ਰੁਜ਼ਗਾਰ ਦੀ ਤਲਾਸ਼ ਵਿੱਚ ਲੱਗੇ ਲੋਕਾਂ ਨਾਲ ਧੋਖਾ ਕੀਤਾ ਹੈ।’