ਕੈਲੀਫੋਰਨੀਆ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅਹੁਦਾ ਸੰਭਾਲਦਿਆਂ ਹੀ ਕੰਮ ਦੀ ਸ਼ੁਰੂਆਤ ਕਰ ਦਿੱਤੀ ਹੈ । ਆਪਣੇ ਪਹਿਲੇ ਦਿਨ ਹੀ ਕਈ ਕਾਰਜਕਾਰੀ ਮੁੱਦਿਆਂ ਤੇ ਦਸਤਖਤ ਕਰਨ ਦੇ ਨਾਲ ਜੋਅ ਬਾਈਡੇਨ ਨੇ ਇਮੀਗ੍ਰੇਸ਼ਨ ਮਾਮਲਿਆਂ ਸੰਬੰਧੀ ਵੀ ਕੁੱਝ ਫੈਸਲੇ ਲਏ ਹਨ, ਜਿਹਨਾਂ ਵਿੱਚੋਂ ਇੱਕ ਕੁੱਝ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਤੇ 100 ਦਿਨਾਂ ਲਈ ਰੋਕ ਲਗਾਉਣੀ ਸ਼ਾਮਿਲ ਹੈ। ਇਸ ਸੰਬੰਧੀ ਕਾਰਜਕਾਰੀ ਹੋਮਲੈਂਡ ਸਿਕਿਉਰਿਟੀ ਸੈਕਟਰੀ ਡੇਵਿਡ ਪੇਕੋਸਕੇ ਨੇ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਤੋਂ ਕੁਝ ਘੰਟੇ ਬਾਅਦ ਇੱਕ ਲਿਖਤੀ ਪੱਤਰ ਜਾਰੀ ਕੀਤਾ ਜਿਸ ਵਿੱਚ ਕੁੱਝ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਤੇ 100 ਦਿਨਾਂ ਲਈ ਰੋਕ ਲਗਾਉਣ ਬਾਰੇ ਜਾਣਕਾਰੀ ਦਿੱਤੀ ਸੀ, ਕਿਉਂਕਿ ਇਮੀਗ੍ਰੇਸ਼ਨ ਨਿਯਮ ਲਾਗੂ ਕਰਨ ਸੰਬੰਧੀ ਨੀਤੀਆਂ ਅਤੇ ਅਮਲਾਂ ਦੀ ਨਵੇਂ ਸਿਰੇ ਤੋਂ ਸਮੀਖਿਆ ਕੀਤੀ ਜਾ ਰਹੀ ਹੈ। ਇਸਦੇ ਇਲਾਵਾ ਪੇਕੋਸਕੇ ਦੁਆਰਾ ਜਾਰੀ ਇਸ ਮੈਮੋ ਅਨੁਸਾਰ ਸੰਯੁਕਤ ਰਾਜ ਨੂੰ ਦੱਖਣ-ਪੱਛਮੀ ਸਰਹੱਦ ‘ਤੇ ਮਹੱਤਵਪੂਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਲਈ ਗੰਭੀਰ ਹਾਲਾਤਾਂ ਦੇ ਮੱਦੇਨਜ਼ਰ ਵਿਭਾਗ ਨੂੰ ਸੁਰੱਖਿਅਤ, ਕਾਨੂੰਨੀ ਅਤੇ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਢੁੱਕਵੇਂ ਜਨਤਕ ਦਿਸ਼ਾ ਨਿਰਦੇਸ਼ਾਂ ਅਤੇ ਪ੍ਰੋਟੋਕਾਲਾਂ ਨੂੰ ਅਪਨਾਉਣ ਦੀ ਜਰੂਰਤ ਹੈ। ਇਹਨਾਂ ਨਵੇਂ ਆਦੇਸ਼ਾਂ ਅਨੁਸਾਰ ਦੇਸ਼ ਨਿਕਾਲੇ ਨੂੰ ਸਿਰਫ ਕੁੱਝ ਗੈਰਕਾਨੂੰਨੀ ਪ੍ਰਵਾਸੀਅਆਂ ਲਈ ਰੋਕਿਆ ਗਿਆ ਹੈ, ਹਾਲਾਂਕਿ ਪੱਤਰ ਦੇ ਅਨੁਸਾਰ ਜਿਹੜੇ ਲੋਕ ਅੱਤਵਾਦ ਜਾਂ ਜਾਸੂਸੀ ਵਿੱਚ ਸ਼ਾਮਿਲ ਹੋਣ ਦੇ ਸ਼ੱਕੀ ਹਨ ਦੇ ਇਲਾਵਾ ਹੋਰ ਅਪਰਾਧਿਕ ਸ੍ਰੇਣੀਆਂ ਜਾਂ ਦੇਸ਼ ਵਿੱਚ ਰਹਿਣ ਦਾ ਆਪਣਾ ਹੱਕ ਗਵਾਉਣ ਵਾਲੇ ਲੋਕ ਵੀ ਦੇਸ਼ ਨਿਕਾਲੇ ਦੇ ਅਧੀਨ ਹਨ। ਬਾਈਡੇਨ ਨੇ ਆਪਣੇ ਦਫਤਰ ਦੇ ਪਹਿਲੇ ਦਿਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਕਈ ਕੱਟੜ ਇਮੀਗ੍ਰੇਸ਼ਨ ਨੀਤੀਆਂ ਨੂੰ ਉਲਟਾਉਣ ਦੇ ਨਾਲ ਇੱਕ ਇਮੀਗ੍ਰੇਸ਼ਨ ਸੁਧਾਰ ਪ੍ਰਸਤਾਵ ਵੀ ਜਾਰੀ ਕੀਤਾ ਹੈ, ਜਿਸ ਨੂੰ ਆਉਣ ਵਾਲੇ ਹਫ਼ਤਿਆਂ ਵਿੱਚ ਕਾਂਗਰਸ ਨੂੰ ਪੇਸ਼ ਕਰਨ ਲਈ ਕੰਮ ਕੀਤੇ ਜਾ ਰਹੇ ਹਨ। ਇਸਦੇ ਇਲਾਵਾ ਟਰੰਪ ਦੀ ਉਸ ਦੀਆਂ ਕਈ ਇਮੀਗ੍ਰੇਸ਼ਨ ਨੀਤੀਆਂ, ਖਾਸ ਕਰਕੇ “ਜ਼ੀਰੋ ਟੌਲਰੈਂਸ” ਨੀਤੀ ਦੀ ਅਲੋਚਨਾ ਕੀਤੀ ਗਈ ਹੈ,ਜਿਸ ਤਹਿਤ ਦਸੰਬਰ ਤੱਕ ਤਕਰੀਬਨ 600 ਤੋਂ ਵੱਧ ਪ੍ਰਵਾਸੀ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਤੋਂ ਵੱਖ ਕਰ ਦਿੱਤਾ ਗਿਆ ਹੈ।