ਕੈਲੀਫੋਰਨੀਆ – ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਇੱਕ ਸਹਾਇਕ ਦੇ ਅਨੁਸਾਰ, ਨੇਵਲ ਆਬਜ਼ਰਵੇਟਰੀ ਵਿਖੇ ਉਪ ਰਾਸ਼ਟਰਪਤੀ ਦੇ ਅਧਿਕਾਰਿਤ ਰਿਹਾਇਸ਼ੀ ਘਰ ਜਾਣ ਤੋਂ ਪਹਿਲਾਂ ਕਮਲਾ ਹੈਰਿਸ ਅਤੇ ਉਹਨਾਂ ਦੇ ਪਤੀ ਡੱਗ ਐਮਹੋਫ, ਵ੍ਹਾਈਟ ਹਾਊਸ ਦੇ ਨੇੜੇ, ਅਸਥਾਈ ਤੌਰ ‘ਤੇ ਬਲੇਅਰ ਹਾਊਸ ਵਿੱਚ ਰਹਿਣ ਲਈ ਜਾਣਗੇ। ਇਸ ਸਹਾਇਕ ਦੁਆਰਾ ਦਿੱਤੀ ਜਾਣਕਾਰੀ ਦੇ ਅਨੁਸਾਰ ਉਪ ਰਾਸ਼ਟਰਪਤੀ ਦੀ ਅਧਿਕਾਰਿਤ ਸਰਕਾਰੀ ਰਿਹਾਇਸ਼ ਵਿੱਚ ਚਿਮਨੀਆਂ ਅਤੇ ਹੋਰ ਘਰੇਲੂ ਪ੍ਰਬੰਧਨ ਦੀ ਮੁਰੰਮਤ ਦਾ ਕੰਮ ਚਲਦੇ ਹੋਣ ਕਾਰਨ ਹੈਰਿਸ ਨੂੰ ਬਲੇਅਰ ਹਾਊਸ ਵਿੱਚ ਜਾਣਾ ਪੈ ਰਿਹਾ ਹੈ।ਹਾਲਾਂਕਿ ਕਮਲਾ ਹੈਰਿਸ ਅਤੇ ਉਹਨਾਂ ਦੇ ਪਤੀ ਵਾਸ਼ਿੰਗਟਨ, ਡੀ.ਸੀ. ਵਿੱਚ ਇੱਕ ਘਰ ਦੇ ਮਾਲਕ ਹਨ, ਪਰ ਉਹ ਘਰ ਇੱਕ ਉਪ ਰਾਸ਼ਟਰਪਤੀ ਲਈ ਸੁਰੱਖਿਆ ਦੇ ਪ੍ਰੋਟੋਕੋਲ ਨੂੰ ਪੂਰਾ ਨਹੀਂ ਕਰਦਾ ਹੈ। ਬਲੇਅਰ ਹਾਊਸ ਵ੍ਹਾਈਟ ਹਾਊਸ ਦੀ ਗਲੀ ਦੇ ਪਾਰ ਪੈਨਸਿਲਵੇਨੀਆ ਐਵੀਨਿਊ ‘ਤੇ ਸਥਿਤ ਹੈ।1824 ਵਿੱਚ ਬਣਿਆ ਇਹ ਘਰ ਰਾਸ਼ਟਰਪਤੀ ਦੇ ਸਰਕਾਰੀ ਮਹਿਮਾਨਾਂ ਦੀ ਮੇਜ਼ਬਾਨੀ ਲਈ ਵਰਤਿਆ ਜਾਂਦਾ ਹੈ, ਜਿਸ ਵਿਚ ਵਿਦੇਸ਼ੀ ਰਾਜਾਂ ਦੇ ਪ੍ਰਧਾਨ ਵੀ ਸ਼ਾਮਿਲ ਹਨ। ਰਾਸ਼ਟਰਪਤੀ ਚੁਣੇ ਗਏ ਉਮੀਦਵਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਪਿਛਲੇ 40 ਸਾਲਾਂ ਤੋਂ, ਬਲੇਅਰ ਹਾਊਸ ਵਿਖੇ ਸਹੁੰ ਚੁੱਕ ਸਮਾਰੋਹ ਤੋਂ ਪਹਿਲਾਂ ਦੀ ਰਾਤ ਬਤੀਤ ਕੀਤੀ ਹੈ। ਹਾਲ ਹੀ ਵਿੱਚ, ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਨ੍ਹਾਂ ਦੇ ਕੁੱਝ ਪਰਿਵਾਰਿਕ ਮੈਂਬਰ ਵੀ ਬਾਈਡੇਨ ਦੁਆਰਾ ਸਹੁੰ ਚੁੱਕਣ ਤੋਂ ਇੱਕ ਰਾਤ ਪਹਿਲਾਂ ਬਲੇਅਰ ਹਾਊਸ ਵਿੱਚ ਰਹੇ ਹਨ। ਇਸਦੇ ਇਲਾਵਾ ਉਪ ਰਾਸ਼ਟਰਪਤੀ ਦੇ ਦਫ਼ਤਰ ਨੇ ਕਮਲਾ ਹੈਰਿਸ ਅਤੇ ਐਮਹੋਫ ਦੇ ਆਪਣੇ ਨਵੇਂ ਅਸਥਾਈ ਘਰ ਵਿੱਚ ਕਿੰਨਾ ਸਮਾਂ ਰਹਿਣ ਬਾਰੇ ਕੁੱਝ ਸਪੱਸ਼ਟ ਨਹੀਂ ਕੀਤਾ ਹੈ।