ਨਵੀਂ ਦਿੱਲੀ – 26 ਜਨਵਰੀ ਨੂੰ ਕਿਸਾਨਾਂ ਵਲੋਂ ਦਿੱਲੀ ਵਿੱਚ ਟਰੈਕਟਰ ਪਰੇਡ ਕੱਢਣ ਦੇ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਦਖਲ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਵਿੱਚ ਅੱਜ ਇਸ ਸੰਬੰਧੀ ਹੋਈ ਸੁਣਵਾਈ ਦੌਰਾਨ ਮਾਣਯੋਗ ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ ਵਲੋਂ ਕਿਹਾ ਗਿਆ ਹੈ ਕਿ ਇਹ ਮਾਮਲਾ ਪੁਲੀਸ ਦੇ ਹੱਥ ਵਿਚ ਹੈ ਅਤੇ ਦਿੱਲੀ ਪੁਲੀਸ ਹੀ ਇਸ ਮਾਮਲੇ ਉੱਤੇ ਖੁਦ ਫੈਸਲਾ ਲਵੇ।ਅਦਾਲਤ ਨੇ ਕਿਹਾ ਕਿ ਪੁਲੀਸ ਹੀ ਇਸ ਉੱਤੇ ਜ਼ਰੂਰੀ ਹੁਕਮ ਜਾਰੀ ਕਰੇ। ਇਸਦੇ ਨਾਲ ਹੀ ਅਦਾਲਤ ਨੇ ਪੁਲੀਸ ਨੂੰ ਆਪਣੀ ਅਰਜ਼ੀ ਵਾਪਸ ਲੈਣ ਦਾ ਵੀ ਹੁਕਮ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਅਦਾਲਤ ਵਲੋਂ ਇਸ ਉੱਤੇ ਉਹ ਕੋਈ ਵੀ ਹੁਕਮ ਜਾਰੀ ਨਹੀਂ ਕੀਤਾ ਜਾਵੇਗਾ। ਇਹ ਕਾਨੂੰਨ ਵਿਵਸਥਾ ਨਾਲ ਜੁੜਿਆ ਮਸਲਾ ਹੈ ਅਤੇ ਅਦਾਲਤ ਇਸ ਵਿੱਚ ਦਖਲ ਨਹੀਂ ਦੇਵੇਗੀ।ਜਿਕਰਯੋਗ ਹੈ ਕਿ ਦਿੱਲੀ ਵਿੱਚ 26 ਜਨਵਰੀ ਨੂੰ ਕਿਸਾਨਾਂ ਨੇ ਟਰੈਕਟਰ ਪਰੇਡ ਕੱਢਣ ਦਾ ਐਲਾਨ ਕੀਤਾ ਹੋਇਆ ਹੈ ਅਤੇ ਦਿੱਲੀ ਪੁਲੀਸ ਨੇ ਟਰੈਕਟਰ ਪਰੇਡ ਵਿਰੁੱਧ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਕਿਸਾਨਾਂ ਨੂੰ ਪਰੇਡ ਨਾ ਕੱਢਣ ਦੀ ਮੰਗ ਕੀਤੀ ਸੀ।