ਕੈਲੀਫੋਰਨੀਆ – ਕੇਂਦਰੀ ਅਮਰੀਕਾ ਦੇ ਤਕਰੀਬਨ 15 ਰਾਜਾਂ ਨੂੰ ਤੇਜ਼ ਹਵਾਵਾਂ ਦੇ ਨਾਲ ਭਾਰੀ ਬਰਫਬਾਰੀ ਦਾ ਸਾਹਮਣਾ ਕਰਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਦੇਸ਼ ਵਿੱਚ ਬੁੱਧਵਾਰ ਨੂੰ ਵਾਸ਼ਿੰਗਟਨ ਅਤੇ ਓਰੇਗਨ ਵਿੱਚ ਆਇਆ ਜਾਨਲੇਵਾ ਤੂਫਾਨ ਕੇਂਦਰੀ ਅਮਰੀਕਾ ਵੱਲ ਜਾ ਰਿਹਾ ਹੈ ,ਜਿਸਦੇ ਵੀਰਵਾਰ ਰਾਤ ਤੋਂ ਸ਼ੁੱਕਰਵਾਰ ਤੱਕ ਇਹਨਾਂ ਖੇਤਰਾਂ ਨੂੰ ਪ੍ਰਭਾਵਿਤ ਕਰਨ ਦੀ ਉਮੀਦ ਹੈ। ਵਾਸ਼ਿੰਗਟਨ ਦੇ ਸਪੋਕੇਨ ਵਿੱਚ ਬੁੱਧਵਾਰ ਨੂੰ ਆਏ ਇਸ ਤੁਫਾਨ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੂਰਬੀ ਪੋਰਟਲੈਂਡ, ਓਰੇਗਨ ਵਿੱਚ ਇੱਕ ਔਰਤ ਅਜੇ ਤੱਕ ਲਾਪਤਾ ਹੈ। ਇਸਦੇ ਇਲਾਵਾ ਪੱਛਮ ਵਿੱਚ 70 ਮੀਲ ਪ੍ਰਤੀ ਘੰਟਾ ਤੋਂ ਵੱਧ ਤੇਜ਼ ਹਵਾਵਾਂ ਅਤੇ 10 ਇੰਚ ਤੱਕ ਭਾਰੀ ਬਾਰਸ਼ ਨੇ ਜਨ ਜੀਵਨ ਪ੍ਰਭਾਵਿਤ ਕੀਤਾ ਸੀ। ਇਹ ਤੂਫਾਨ ਹੁਣ ਪੂਰਬ ਵੱਲ ਵਧ ਰਿਹਾ ਹੈ ,ਜਿਸ ਵਿੱਚ ਮੋਨਟਾਨਾ , ਕੋਲੋਰਾਡੋ ਵਿੱਚ 80 ਤੋਂ 100 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਹਨ। ਮੌਸਮ ਵਿਭਾਗ ਅਨੁਸਾਰ ਬਰਫ ਦੀ ਭਾਰੀ ਸ਼ੁਰੂਆਤ ਸ਼ੁੱਕਰਵਾਰ ਦੀ ਸਵੇਰ ਤੋਂ ਮਿਨੀਸੋਟਾ ਤੋਂ ਆਇਓਵਾ, ਵਿਸਕਾਨਸਿਨ , ਉੱਤਰੀ ਇਲੀਨੋਏ ਅਤੇ ਮਿਸੌਰੀ ਦੇ ਕੁਝ ਹਿੱਸਿਆਂ ਵਿੱਚ ਹੋਵੇਗੀ ਜਦਕਿ ਸ਼ਿਕਾਗੋ ਸ਼ੁੱਕਰਵਾਰ ਸਵੇਰ ਤੱਕ ਬਾਰਸ਼ ਨੂੰ ਬਰਫ ਵਿੱਚ ਬਦਲਦਾ ਵੇਖ ਸਕਦਾ ਹੈ। ਮੌਸਮੀ ਮਾਹਿਰਾਂ ਨੇ ਜਾਣਕਾਰੀ ਦਿੱਤੀ ਕਿ ਤੂਫਾਨ ਦਾ ਇੱਕ ਹਿੱਸਾ ਸ਼ੁੱਕਰਵਾਰ ਦੀ ਰਾਤ ਤੱਕ ਉੱਤਰ ਪੂਰਬ ਵੱਲ ਜਾਵੇਗਾ, ਜਿਸ ਨਾਲ ਨਿਊਯਾਰਕ ਸਿਟੀ ਤੋਂ ਬੋਸਟਨ ਤੱਕ ਭਾਰੀ ਬਾਰਸ਼ ਅਤੇ ਨਿਊ ਇੰਗਲੈਂਡ “ਚ ਬਰਫਬਾਰੀ ਹੋਵੇਗੀ। ਇਸ ਤੁਫਾਨ ਨਾਲ ਮਿਨੇਸੋਟਾ ਅਤੇ ਉੱਤਰੀ ਆਇਓਵਾ ਦੇ ਕੁਝ ਹਿੱਸਿਆਂ ਵਿੱਚ 6 ਤੋਂ 12 ਇੰਚ ਤਕ ਬਰਫ ਪੈ ਸਕਦੀ ਹੈ ਜਦਕਿ ਉੱਤਰ ਪੂਰਬ ਵਿੱਚ ਸਭ ਤੋਂ ਭਾਰੀ ਬਰਫਬਾਰੀ ਉੱਤਰੀ ਨਿਊਯਾਰਕ ਰਾਜ ਅਤੇ ਨਿਊ ਇੰਗਲੈਂਡ ਵਿੱਚ ਪਵੇਗੀ ,ਜਿੱਥੇ ਇਸ ਹਫਤੇ ਦੇ ਅੰਤ ਤੱਕ 6 ਇੰਚ ਤੋਂ ਜ਼ਿਆਦਾ ਬਰਫ ਪੈਣ ਦੀ ਸੰਭਾਵਨਾ ਹੈ।