ਬਰਨਾਲਾ, 15 ਮਈ 2020 – ਪੰਜਾਬ ਪੁਲਿਸ ਨੇ ਹੁਣ ਪੰਜਾਬੀ ਲੋਕ ਗਾਇਕ ਸਿੱਧੂ ਮੂਸੇਵਾਲਾ ਦੀਆਂ ਤੜਾਮਾ ਕੱਸਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਆਈਜੀ ਪਟਿਆਲਾ ਜਤਿੰਦਰ ਸਿੰਘ ਔਲਖ ਨੇ ਬਰਨਾਲਾ ਜਿਲ੍ਹੇ ਦੇ ਐਸਐਸਪੀ ਸੰਦੀਪ ਗੋਇਲ ਨੂੰ ਦਿੱਤੇ ਹੁਕਮ ਚ, ਸਿੱਧੂ ਮੂਸੇਵਾਲਾ ਵਿਰੁੱਧ 4 ਮਈ ਨੂੰ ਥਾਣਾ ਧਨੌਲਾ ਵਿਖੇ ਦਰਜ ਕੇਸ ਦੀ ਜਾਂਚ ਜਿਲ੍ਹੇ ਦੇ ਐਸਪੀ ਰੈਂਕ ਦੇ ਅਧਿਕਾਰੀ ਤੋਂ ਕਰਵਾਉਣ ਲਈ ਕਿਹਾ ਗਿਆ ਹੈ। ਆਈ.ਜੀ. ਪਟਿਆਲਾ ਦੇ ਦਫਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਆਈਜੀ ਔਲਖ ਨੇ ਐਸਐਸਪੀ ਬਰਨਾਲਾ ਨੂੰ ਭੇਜੇ ਪੱਤਰ ਚ, ਕਿਹਾ ਹੈ ਕਿ ਇਸ ਕੇਸ ਦੀ ਜਾਂਚ ਐਸਪੀ ਰੈਂਕ ਦੇ ਅਧਿਕਾਰੀ ਤੋਂ ਕਰਵਾ ਕੇ 2 ਹਫਤਿਆਂ ਦੇ ਅੰਦਰ ਅੰਦਰ ਇਸ ਦੀ ਰਿਪੋਰਟ ਭੇਜੀ ਜਾਵੇ।
ਆਈਜੀ ਦੇ ਹੁਕਮ ਤੋਂ ਬਾਅਦ 12 ਦਿਨਾਂ ਤੋਂ ਠੱਪ ਪਈ ਤਫਤੀਸ਼ ਦੀ ਫਾਈਲ ਹੁਣ ਖਿਸਕਣ ਦੇ ਅਸਾਰ ਬਣ ਗਏ ਹਨ । ਵਰਨਣਯੋਗ ਹੈ ਕਿ ਲੋਕ ਗਾਇਕ ਸਿੱਧੂ ਮੂਸੇਵਾਲਾ ਦੁਆਰਾ ਅਪ੍ਰੈਲ ਮਹੀਨੇ ਦੇ ਅੰਤਲੇ ਦਿਨਾਂ ਚ, ਬਰਨਾਲਾ ਜਿਲ੍ਹੇ ਦੇ ਪਿੰਡ ਬਡਬਰ ਵਿਖੇ ਬਣੀ ਇੱਕ ਰਾਈਫਲ ਰੇਂਜ ਚ, ਏ.ਕੇ 47 ਰਾਈਫਲ ਨਾਲ ਕਰਫਿਊ ਚ, ਗੋਲੀਆਂ ਚਲਾਉਣ ਸਬੰਧੀ ਥਾਣਾ ਧਨੌਲਾ ਦੇ ਐਸਐਚਉ ਮੇਜਰ ਸਿੰਘ ਦੇ ਬਿਆਨ ਤੇ ਮੁਖਬਰ ਦੀ ਸੂਚਨਾ ਅਤੇ ਇੱਕ ਵੀਡੀਉ ਵਾਇਰਲ ਹੋਣ ਤੋਂ ਬਾਅਦ 4 ਮਈ ਨੂੰ ਥਾਣਾ ਧਨੌਲਾ ਵਿਖੇ ਐਫਆਈਆਰ ਦਰਜ਼ ਕੀਤੀ ਗਈ ਸੀ, ਇਸ ਕੇਸ ਚ, ਸਿੱਧੂ ਮੂਸੇਵਾਲਾ ਤੇ ਉਸ ਦੇ 3 ਹੋਰ ਸਾਥੀਆਂ ਅਤੇ ਸੰਗਰੂਰ ਦੇ ਤਤਕਾਲੀਨ ਡੀਐਸਪੀ ਐਚ ਦਲਜੀਤ ਸਿੰਘ ਵਿਰਕ ਦੇ 5 ਗੰਨਮੈਨਾਂ, ਜਿਨ੍ਹਾਂ ਵਿੱਚ 1 ਏਐਸਆਈ, 2 ਹੌਲਦਾਰ ਤੇ 2 ਸਿਪਾਹੀਆ ਦੇ ਖਿਲਾਫ ਦਫਾ 144 ਦੇ ਉਲੰਘਣ ਕਰਨ ਦੇ ਜੁਰਮ 188 ਆਈਪੀਸੀ ਤੇ 51 ਡਿਜਾਸਟਰ ਐਕਟ ਤਹਿਤ ਕੇਸ ਦਰਜ਼ ਕੀਤਾ ਗਿਆ ਸੀ।
ਪਰੰਤੂ ਐਫਆਈਆਰ ਚ, ਗੋਲੀਆਂ ਚੱਲਣ ਦਾ ਜਿਕਰ ਹੋਣ ਦੇ ਬਾਵਜੂਦ ਵੀ ਆਰਮਜ਼ ਐਕਟ ਦੀ ਧਾਰਾ ਨਹੀਂ ਲਾਈ ਗਈ ਸੀ। ਉਦੋਂ ਐਸਐਸਪੀ ਨੇ ਮੀਡੀਆ ਕਰਮੀਆਂ ਨਾਲ ਕੀਤੀ ਗੱਲਬਾਤ ਚ, ਕਿਹਾ ਸੀ ਕਿ ਤਫਤੀਸ਼ ਤੋਂ ਬਾਅਦ ਤੱਥ ਸਾਹਮਣੇ ਆਉਣ ਤੇ ਜੁਰਮ ਚ, ਵਾਧਾ ਵੀ ਕੀਤਾ ਜਾਵੇਗਾ। ਪਰੰਤੂ ਪੁਲਿਸ ਦੀ ਮੱਠੀ ਤੋਰ ਇੱਨੀ ਰਹੀ ਕਿ ਕੇਸ ਦਰਜ਼ ਹੋਣ ਦੇ 12 ਦਿਨ ਬਾਅਦ ਵੀ ਆਰਮਜ਼ ਐਕਟ ਦਾ ਵਾਧਾ ਤਾਂ ਦੂਰ, ਦੋਸ਼ੀਆਂ ਨੂੰ ਪੜਤਾਲ ਚ, ਸ਼ਾਮਿਲ ਵੀ ਨਹੀਂ ਕੀਤਾ ਗਿਆ। ਇੱਥੇ ਹੀ ਬੱਸ ਨਹੀਂ ਐਸਐਸਪੀ ਨੇ ਕੇਸ ਦਰਜ਼ ਹੋਣ ਤੋਂ ਕੁਝ ਦਿਨ ਬਾਅਦ ਹੀ ਕੇਸ ਦੀ ਤਫਤੀਸ਼ ਐਸਐਚਉ ਧਨੌਲਾ ਤੋਂ ਬਦਲ ਕੇ ਸੀਆਈਏ ਦੇ ਇੰਚਾਰਜ ਬਲਜੀਤ ਸਿੰਘ ਨੂੰ ਸੌਂਪ ਦਿੱਤੀ ਸੀ। ਤਫਤੀਸ਼ ਬਦਲ ਜਾਣ ਤੋਂ ਬਾਅਦ ਵੀ ਤਫਤੀਸ਼ ਕਿਸੇ ਨਤੀਜ਼ੇ ਤੇ ਨਹੀਂ ਪਹੁੰਚੀ। ਜਿਸ ਤੋਂ ਬਾਅਦ ਹੁਣ ਆਈਜੀ ਨੇ ਕੇਸ ਦੀ ਜਾਂਚ ਕਿਸੇ ਐਸਪੀ ਰੈਂਕ ਦੇ ਅਧਿਕਾਰੀ ਤੋਂ ਕਰਵਾੁੳਣ ਲਈ ਹੁਕਮ ਦੇ ਦਿੱਤਾ।
ਲੋਕਾਂ ਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਸੀਆਈਏ ਦੀ ਟੀਮ ਨਸ਼ਾ ਤਸਕਰ ਦੀ ਪੈੜ ਲੱਭ ਕੇ ਨਸ਼ੀਲੀਆਂ ਗੋਲੀਆਂ ਬਰਾਮਦ ਕਰਵਾਉਣ ਲਈ ਤਾਂ ਯੂਪੀ ਦੇ ਮਥੁਰਾ ਸ਼ਹਿਰ ਤੱਕ ਪਹੁੰਚ ਗਈ। ਪਰ ਹੁਣ ਉਹੀ ਸੀਆਈਏ ਦੀ ਟੀਮ ਜਿਲ੍ਹਾ ਹੈਡਕੁਆਟਰ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਪੈਂਦੇ ਘਟਨਾ ਸਥਾਨ ਤੋਂ ਏ.ਕੇ 47 ਰਾਈਫਲ ਦੀਆਂ ਗੋਲੀਆਂ ਤੇ ਦੋਸ਼ੀਆਂ ਦਾ ਸੁਰਾਗ ਲੱਭਣ ਚ, ਵੀ ਸਫਲ ਨਹੀਂ ਹੋ ਸਕੀ। ਹੈਰਤ ਇਸ ਗੱਲ ਦੀ ਵੀ ਹੈ ਕਿ ਪੁਲਿਸ ਇਹ ਵੀ ਖੁਲਾਸਾ ਨਹੀਂ ਕਰ ਸਕੀ ਕਿ ਸਿੱਧੂ ਮੂਸੇਵਾਲਾ ਵੱਲੋਂ ਵਰਤੀ ਏ.ਕੇ 47 ਰਾਈਫਲ ਕਿਸ ਪੁਲਿਸ ਕਰਮਚਾਰੀ ਦੀ ਸੀ।
ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਸਿੱਧੂ ਮੂਸੇਵਾਲਾ ਦੇ ਗੋਲੀਆਂ ਚਲਾਉਣ ਮੌਕੇ ਡੀਐਸਪੀ ਡੀ.ਐਸ. ਵਿਰਕ ਦੇ ਗੰਨਮੈਨ ਹੀ ਨਹੀਂ, ਬਲਕਿ ਖੁਦ ਡੀਐਸਪੀ ਵੀ ਮੌਕੇ ਤੇ ਮੌਜੂਦ ਸੀ। ਜਿਸ ਨੂੰ ਬਰਨਾਲਾ ਜਿਲ੍ਹੇ ਦੇ ਇੱਕ ਪੁਲਿਸ ਅਧਿਕਾਰੀ ਦਾ ਕਰੀਬੀ ਹੋਣ ਕਰਕੇ ਕੇਸ ਚ, ਨਾਮਜਦ ਹੀ ਨਹੀਂ ਕੀਤਾ ਗਿਆ। ਬਾ-ਕਮਾਲ ਗੱਲ ਇਹ ਵੀ ਦੇਖੋ ਕਿ ਡੀਐਸਪੀ ਡੀ.ਐਸ. ਵਿਰਕ ਦਾ ਦੋਸਤ ਪੁਲਿਸ ਅਧਿਕਾਰੀ ਆਪਣੇ ਯਾਰਾਂ ਦੀਆਂ ਮਹਿਫਲਾਂ ਚ, ਬੜੇ ਫਖਰ ਨਾਲ ਕਹਿੰਦਾ ਹੈ ਕਿ ਮੈਂ ਤਾਂ ਯਾਰ ਦੀ ਯਾਰੀ ਨਿਭਾਈ ਹੈ।