ਸ਼੍ਰੀਨਗਰ – ਕਸ਼ਮੀਰ ਦੇ ਕਈ ਇਲਾਕਿਆਂ ਵਿੱਚ ਅੱਜ ਘੱਟੋ-ਘੱਟ ਤਾਪਮਾਨ ਵਿਚ ਹੋਰ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਕਾਰਨ ਘਾਟੀ ਵਿੱਚ ਠੰਡ ਦਾ ਕਹਿਰ ਹੋਰ ਵਧ ਗਿਆ ਹੈ। ਇਸ ਕਾਰਨ ਪ੍ਰਸਿੱਧ ਡਲ ਝੀਲ ਦੇ ਨਾਲ-ਨਾਲ ਕਈ ਇਲਾਕਿਆਂ ਵਿਚ ਪਾਣੀ ਦੇ ਸਰੋਤ ਜੰਮ ਗਏ ਹਨ। ਸ਼੍ਰੀਨਗਰ ਸਮੇਤ ਘਾਟੀ ਦੇ ਕਈ ਇਲਾਕਿਆਂ ਵਿਚ ਅੱਜ ਸਵੇਰੇ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਵਿਜ਼ੀਬਿਲਟੀ ਘੱਟ ਗਈ।ਮੌਸਮ ਮਹਿਕਮੇ ਦੇ ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਘੱਟੋ-ਘੱਟ ਤਾਪਮਾਨ ਵਿੱਚ ਹੋਰ ਗਿਰਾਵਟ ਆਉਣ ਨਾਲ ਸ਼ੀਤ ਲਹਿਰ ਦਾ ਕਹਿਰ ਹੋਰ ਵੱਧ ਗਿਆ ਹੈ। ਉਨ੍ਹਾਂ ਦੱਸਿਆ ਕਿ ਜੰਮੂੁ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਵਿਚ ਘੱਟੋ-ਘੱਟ ਤਾਪਮਾਨ 0 ਤੋਂ 8.2 ਡਿਗਰੀ ਹੇਠਾਂ ਦਰਜ ਕੀਤਾ ਗਿਆ, ਜਦਕਿ ਪਿਛਲੀ ਰਾਤ ਘੱਟੋ-ਘੱਟ ਤਾਪਮਾਨ 0 ਤੋਂ 7.6 ਡਿਗਰੀ ਹੇਠਾਂ ਦਰਜ ਕੀਤਾ ਗਿਆ ਸੀ।