ਕਿਸਾਨਾਂ ਦਲਿਤਾਂ ਤੇ ਘਟਗਿਣਤੀਆਂ ਨੂੰ ਦਬਾਉਣ ਲਈ ਭਾਜਪਾ ਨੇ ਕਾਂਗਰਸ ਦਾ ਰਸਤਾ ਫੜਿਆ
ਚੰਡੀਗੜ੍ਹ – ਪੰਜਾਬ ਵਿੱਚ ਕੇਂਦਰ ਸਰਕਾਰ ਦੀ ਸ਼ਹਿ ਤੇ ਕਿਸਾਨ ਅੰਦੋਲਨ ਨਾਲ ਜੁੜੇ ਆਗੂਆਂ ਪੱਤਰਕਾਰਾਂ ਤੇ ਸਿੱਖ ਧਰਮ ਦੇ ਸਮਰਥਕਾਂ ਨੂੰ ਕੇਂਦਰੀ ਜਾਂਚ ਏਜੇਂਸੀ ਰਾਹੀਂ ਕਾਨੂੰਨੀ ਕਾਰਵਾਈ ਵਿਚ ਜਾਂਚ ਕਰਨ ਲਈ ਦਿੱਲੀ ਪੇਸ਼ ਹੋਣ ਦੇ ਧਮਕੀਆਂ ਭਰੇ ਨੋਟਿਸ ਭੇਜੇ ਜਾ ਰਹੇ ਹਨ। ਇਹ ਸਾਰੀ ਨੋਟਿਸਗਿਰੀ ਕਿਸਾਨ ਅੰਦੋਲਨ ਦੀ ਸਫ਼ਲਤਾ ਦੀ ਲਹਿਰ ਵਿੱਚੋ ਉਪਜੇ ਕੇਂਦਰ ਦੀ ਭਾਜਪਾ ਤੇ ਮੋਦੀ ਸਰਕਾਰ ਦੀ ਨਲਾਇਕੀ ਤੇ ਅਸਫਲਤਾ ਦੀ ਹੜ੍ਹਵੜਾਹਟ ਹੈ। ਇਹਨਾ ਵਿਚਾਰਾ ਦਾ ਪ੍ਰਗਟਾਵਾ ਕਰਦਿਆ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬੀਆਂ ਤੇ ਸਿੱਖਾਂ ਪ੍ਰਤੀ ਇਤਿਹਾਸ ਤੋਂ ਸਬਕ ਨਾ ਲੈਂਦੇ ਹੋਏ ਕਾਂਗਰਸ ਦੀ ਤਰ੍ਹਾ ਪੁੱਠੇ ਪੈਰ ਚੁੱਕ ਲਏ ਹਨ। ਭਾਜਪਾ ਤੋਂ ਪਹਿਲਾਂ ਰਹੀ ਕੇਂਦਰ ਦੀ ਕਾਂਗਰਸ ਸਰਕਾਰ ਪੋਟਾ ਟਾਡਾ ਮੀਸ਼ਾ ਆਦਿ ਕਾਨੂੰਨਾਂ ਰਾਹੀਂ ਆਜ਼ਾਦੀ ਦੇ 73 ਸਾਲਾਂ ਵਿਚ ਦਲਿਤਾਂ ਪਛੜਿਆ ਘੱਟ ਗਿਣਤੀਆਂ ਸਿੱਖਾਂ ਮੁਸਲਮਾਨਾਂ ਨੂੰ ਡਰਾਉਂਦੀ ਰਹੀ ਹੈ। ਕਾਂਗਰਸ ਦੀਆਂ ਇਹਨਾਂ ਕਾਲੀਆ ਕਰਤੂਤਾਂ ਤੇ ਗਲਤ ਨੀਤੀਆਂ ਸਦਕਾ ਪੰਜਾਬ ਨੇ ਆਜ਼ਾਦੀ ਤੋਂ ਬਾਅਦ ਕਈ ਦਹਾਕੇ ਕਾਲ਼ਾ ਯੁੱਗ ਤੇ ਸੰਤਾਪ ਹੰਢਾਇਆ ਹੈ। ਪੰਜਾਬ ਅੱਜ ਵਿੱਦਿਅਕ ਆਰਥਿਕ ਸਮਾਜਿਕ ਉਦਯੋਗਿਕ ਤੌਰ ਤੇ ਪੂਰੀ ਤਰ੍ਹਾਂ ਪਛੜਿਆ ਗਿਆ ਸੂਬਾ ਬਣ ਗਿਆ ਹੈ, ਸਗੋਂ ਨਾਲ ਹੀ ਰਾਜਨੀਤਿਕ ਕਾਰਗੁਜਾਰੀ ਦੇ ਤੌਰ ਤੇ ਵੀ ਕਾਂਗਰਸ ਦਾ ਮੁੱਖ ਮੰਤਰੀ ਹੇਠਾਂ ਤੋਂ ਤੀਜ਼ੇ ਨੰਬਰ ਤੇ ਹੈ।ਸ ਗੜ੍ਹੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿਹਨਾਂ ਪੰਜਾਬੀਆਂ ਨੂੰ ਭਾਜਪਾ ਦੀ ਸਰਕਾਰ ਨੇ ਪਿਛਲੇ ਸਾਲਾਂ ਵਿਚ ਕਾਂਗਰਸ ਨਾਲ ਮਿਲੀਭੁਗਤ ਸਾਜਿਸ਼ ਤਹਿਤ ਨਸ਼ਿਆ ਦਾ ਪੰਜਾਬ ਤੇ ਉੱਡਦਾ ਪੰਜਾਬ ਦਾ ਟੈਗ ਲਗਾਕੇ ਪੂਰੇ ਸੰਸਾਰ ਵਿੱਚ ਬਦਨਾਮ ਕਰਨ ਦੀ ਕੋਸਿਸ ਕੀਤੀ ਸੀ, ਅੱਜ ਓਹਨਾ ਪੰਜਾਬੀਆਂ ਨੇ ਪਿਛਲੇ 50 ਤੋਂ ਜਿਆਦਾ ਦਿਨਾਂ ਤੋਂ ਕਿਸਾਨ ਜਨਅੰਦੋਲਨ ਚਲਾਕੇ ਕੇਂਦਰ ਦੀ ਪੰਜਾਬ ਵਿਰੋਧੀ ਗੰਦੀ ਮਾਨਸਿਕਤਾ ਨੂੰ ਬੇਨਕਾਬ ਕਰ ਦਿੱਤਾ ਹੈ। ਕਿਸਾਨ ਅੰਦੋਲਨ ਤੋਂ ਪਹਿਲਾਂ ਇਕ ਪੰਜਾਬੀ ਸਾਹਿਬ ਕਾਂਸ਼ੀ ਰਾਮ ਜੀ ਨੇ ਕਾਂਗਰਸ ਭਾਜਪਾ ਦੇ ਬਰਾਬਰ ਦੀ ਰਾਸ਼ਟਰੀ ਪਾਰਟੀ ਬਹੁਜਨ ਸਮਾਜ ਪਾਰਟੀ ਕੇਂਦਰ ਸਰਕਾਰਾਂ ਦੇ ਨੱਕ ਵਿਚ ਦਮ ਕਰ ਦਿੱਤਾ ਸੀ ਜਿਸਦੀ ਅਗਵਾਈ ਅੱਜ ਭੈਣ ਕੁਮਾਰੀ ਮਾਇਆਵਤੀ ਜੀ ਕਰ ਰਹੇ ਹਨ। ਸ ਗੜ੍ਹੀ ਨੇ ਕਿਹਾ ਕਿ ਭਾਜਪਾ ਕੇਂਦਰ ਸਰਕਾਰ ਪੰਜਾਬੀਆਂ, ਸਿੱਖਾਂ ਤੇ ਕਿਸਾਨਾਂ ਨੂੰ ਝੂਠੇ ਬਲੈਕਮੇਲਰ ਨੋਟਿਸ ਭੇਜਕੇ ਡਰਾਉਣਾ ਬੰਦ ਕਰੇ ਕਿਉਂਕਿ ਪੰਜਾਬੀ ਗੁਰੂਆਂ ਦੀ ਸੋਚ ਭੈ ਕਾਹੂ ਕੋ ਦੇਤ ਨਾਹੀ ਨਹੀਂ ਭੈ ਮਾਨਤ ਆਨ ਦੇ ਆਸ਼ੇ ਅਨੁਸਾਰ ਡਰਨ ਵਾਲੇ ਨਹੀਂ। ਜੇਕਰ ਕੇਂਦਰ ਦੀ ਭਾਜਪਾ ਸਰਕਾਰ ਨੇ ਕਾਂਗਰਸ ਦੀ ਨਕਲ ਅਨੁਸਾਰ ਪੰਜਾਬੀਆਂ ਨਾਲ ਧੱਕਾ ਬੰਦ ਨਹੀਂ ਕੀਤਾ ਤਾਂ ਬਹੁਜਨ ਸਮਾਜ ਪਾਰਟੀ ਪੰਜਾਬ ਵਿੱਚ ਅੰਦੋਲਨ ਦੀ ਰੂਪ ਰੇਖਾ ਉਲੀਕਕੇ ਕੇਂਦਰ ਸਰਕਾਰ ਦੇ ਨੱਕ ਵਿਚ ਦਮ ਕਰ ਦੇਵੇਗੀ।