ਕੈਲੀਫੋਰਨੀਆ – ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਜੋ ਕਿ ਅਗਲੇ ਹਫਤੇ ਦੇਸ਼ ਦੇ ਨਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਵਾਲੇ ਹਨ ਨੇ ਆਪਣੀਆਂ ਕੋਰੋਨਾਂ ਟੀਕਾਕਰਨ ਅਤੇ ਆਰਥਿਕਤਾ ਦੇ ਬਚਾਅ ਸੰਬੰਧੀ ਯੋਜਨਾਵਾਂ ਦੀ ਘੋਸ਼ਣਾ ਕੀਤੀ ਹੈ। ਜਿਸਦੇ ਤਹਿਤ 1.9 ਟ੍ਰਿਲੀਅਨ ਡਾਲਰ ਦਾ ਇੱਕ ਵਿਸ਼ਾਲ ਰਾਹਤ ਪੈਕੇਜ ਹੈ ਜੋ ਸੰਕਟ ਦਾ ਸਾਹਮਣਾ ਕਰ ਰਹੇ ਦੇਸ਼ ਵਾਸੀਆਂ ਨੂੰ ਸਹਾਇਤਾ ਪ੍ਰਦਾਨ ਕਰੇਗਾ। ਬਾਈਡੇਨ ਦੀ ਯੋਜਨਾ ਅਨੁਸਾਰ ਇਸ 1.9 ਟ੍ਰਿਲੀਅਨ ਡਾਲਰ ਦੇ ਰਾਹਤ ਪੈਕੇਜ ਵਿੱਚ ਇੱਕ ਟ੍ਰਿਲੀਅਨ ਡਾਲਰ ਸਿੱਧੀ ਸਹਾਇਤਾ ਲਈ ਹੋਣਗੇ ਜਦਕਿ 400 ਬਿਲੀਅਨ ਡਾਲਰ ਕੋਰੋਨਾਂ ਵਾਇਰਸ ਨਾਲ ਜੁੜੇ ਪ੍ਰਾਜੈਕਟ, ਜਿਸ ਵਿੱਚ ਦੇਸ਼-ਵਿਆਪੀ ਟੀਕਾਕਰਨ ਪ੍ਰੋਗਰਾਮ ਸ਼ਾਮਲ ਹੈ ਨੂੰ ਜਾਣਗੇ ਅਤੇ ਕਮਿਊਨਿਟੀਆਂ ਅਤੇ ਛੋਟੇ ਕਾਰੋਬਾਰਾਂ ਨੂੰ ਰਾਹਤ ਦੇਣ ਲਈ ਵੀ 440 ਬਿਲੀਅਨ ਡਾਲਰ ਦਿੱਤੇ ਜਾਣਗੇ।ਇਸ ਯੋਜਨਾ ਵਿੱਚ ਅਮਰੀਕੀ ਪਰਿਵਾਰਾਂ ਨੂੰ 1,400 ਡਾਲਰ ਤੱਕ ਦੀਆਂ ਸਿੱਧੀਆਂ ਅਦਾਇਗੀਆਂ ਦੇ ਨਾਲ 400 ਡਾਲਰ ਹਫਤਾਵਾਰੀ ਬੇਰੁਜ਼ਗਾਰੀ ਬੀਮੇ ਦੇ ਲਾਭ ਸ਼ਾਮਿਲ ਹਨ। ਕੋਵਿਡ ਨਾਲ ਜੁੜੇ ਪ੍ਰਾਜੈਕਟਾਂ ਲਈ 400 ਬਿਲੀਅਨ ਡਾਲਰ ਫੰਡ ਦੇ ਹਿੱਸੇ ਵਜੋਂ, ਬਾਈਡੇਨ ਦੀ ਯੋਜਨਾ ਆਪਣੇ ਪ੍ਰਸ਼ਾਸਨ ਦੇ ਪਹਿਲੇ 100 ਦਿਨਾਂ ਦੇ ਅੰਦਰ ਕੇ -8 ਸਕੂਲਾਂ ਦੀ ਬਹੁਗਿਣਤੀ ਨੂੰ ਦੁਬਾਰਾ ਖੋਲ੍ਹਣ ਲਈ 170 ਬਿਲੀਅਨ ਡਾਲਰ ਅਲਾਟ ਕਰੇਗੀ, ਜਿਸ ਅਧੀਨ ਸਕੂਲਾਂ ਵਿੱਚ ਟੈਸਟਿੰਗ ਪ੍ਰਕਿਰਿਆਵਾਂ ਵਿੱਚ ਵਾਧਾ ਕਰਨ ਲਈ 50 ਬਿਲੀਅਨ ਡਾਲਰ ਸ਼ਾਮਲ ਹਨ। ਇਸਦੇ ਇਲਾਵਾ ਬਾਈਡੇਨ ਨੇ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਲਈ 20 ਬਿਲੀਅਨ ਡਾਲਰ ਦੀ ਰਕਮ ਅਤੇ ਦੇਸ਼ ਭਰ ਵਿੱਚ ਕਮਿਊਨਿਟੀ ਟੀਕਾਕਰਨ ਕੇਂਦਰਾਂ ਦੀ ਸਥਾਪਨਾ ਕਰਨ ਦੀ ਵੀ ਯੋਜਨਾ ਬਣਾਈ ਹੈ । ਇਹਨਾਂ ਸਭ ਯੋਜਨਾਵਾਂ ਦੇ ਇਲਾਵਾ ਬਾਈਡੇਨ ਨੇ ਰਾਸ਼ਟਰੀ ਉਜ਼ਰਤ ਘੱਟੋ ਘੱਟ 15 ਡਾਲਰ ਕਰਨ ਦੀ ਵੀ ਗੱਲ ਕਹੀ ਹੈ।ਜੋਅ ਬਾਈਡੇਨ ਦੀਆਂ ਯੋਜਨਾਵਾਂ ਦੇ ਇਸ ਰਾਹਤ ਪੈਕੇਜ ਨੂੰ ਸੈਨੇਟ ਵਿੱਚ ਪਾਸ ਹੋਣ ਦੀ ਜਰੂਰਤ ਹੋਵੇਗੀ ਅਤੇ ਬਾਈਡੇਨ ਨੂੰ ਉਮੀਦ ਹੈ ਕਿ ਕਾਂਗਰਸ ਜਨਤਕ ਸਿਹਤ ਦੇ ਸੰਕਟ ਨੂੰ ਹੱਲ ਕਰਨ ਦੇ ਪ੍ਰਸਤਾਵ ਨੂੰ ਤੇਜ਼ੀ ਨਾਲ ਅੱਗੇ ਵਧਾਵੇਗੀ। ਬਾਈਡੇਨ ਦੀ ਤਬਦੀਲੀ ਟੀਮ ਅਨੁਸਾਰ ਜੇਕਰ ਇਹ ਰਾਹਤ ਪ੍ਰਸਤਾਵ ਪਾਸ ਹੋ ਜਾਂਦਾ ਹੈ ਤਾਂ ਯੂ ਐਸ ਦਾ ਇੱਕ ਵੱਡਾ ਆਰਥਿਕ ਪੈਕੇਜ ਹੋਵੇਗਾ।