ਚੰਡੀਗੜ – ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਵਿਆਪਕ ਮੁਹਿੰਮ ਤਹਿਤ ਦਸੰਬਰ ਮਹੀਨੇ ਦੌਰਾਨ 6 ਵੱਖ-ਵੱਖ ਮਾਮਲਿਆਂ ਵਿੱਚ ਰਿਸ਼ਵਤ ਲੈਂਦੇ 7 ਦੋਸ਼ੀ ਕਰਮਚਾਰੀਆਂ ਨੂੰ ਰੰਗੇ ਹੱਥੀਂ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਸ ਵਿੱਚ ਮਾਲ ਵਿਭਾਗ ਦੇ 3 ਕਰਮਚਾਰੀ ਸ਼ਾਮਲ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਡਾਇਰੈਕਟਰ-ਕਮ-ਡੀ.ਜੀ.ਪੀ. ਬੀ.ਕੇ. ਉੱਪਲ ਨੇ ਕਿਹਾ ਕਿ ਬਿਊਰੋ ਨੇ ਇਸ ਸਮੇਂ ਦੌਰਾਨ ਸਰਕਾਰੀ ਅਤੇ ਹੋਰ ਖੇਤਰਾਂ ਵਿੱਚ ਭ੍ਰਿਸ਼ਟਾਚਾਰ ਦੇ ਮੁਕੰਮਲ ਖਾਤਮੇ ਲਈ ਆਪਣੇ ਸੁਹਿਰਦ ਯਤਨ ਕੀਤੇ ਹਨ। ਇਸ ਤਹਿਤ ਵਿਜੀਲੈਂਸ ਅਧਿਕਾਰੀਆਂ ਨੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਕੋਈ ਵੀ ਸ਼ੱਕੀ ਵਿਅਕਤੀ ਸੂਬੇ ਦੀਆਂ ਵੱਖ ਵੱਖ ਅਦਾਲਤਾਂ ਵਿੱਚ ਨਿਆਂਇਕ ਸਜਾ ਤੋਂ ਬੱਚ ਕੇ ਨਾ ਨਿੱਕਲ ਸਕੇ।ਉਨਾਂ ਦੱਸਿਆ ਕਿ ਬਿਊਰੋ ਨੇ ਪਿਛਲੇ ਮਹੀਨੇ ਦੌਰਾਨ ਵੱਖ ਵੱਖ ਅਦਾਲਤਾਂ ਵਿੱਚ 15 ਵਿਜੀਲੈਂਸ ਮਾਮਲਿਆਂ ਦੇ ਸਬੰਧ ਵਿੱਚ ਚਲਾਨ ਪੇਸ਼ ਕੀਤੇ ਹਨ। ਇਸੇ ਸਮੇਂ ਦੌਰਾਨ ਭਿ੍ਰਸ਼ਟਾਚਾਰ ਦੇ ਮਾਮਲਿਆਂ ਦੀ ਗੰਭੀਰਤਾ ਨਾਲ ਜਾਂਚ ਕਰਨ ਦੇ ਮੱਦੇਨਜ਼ਰ ਪੰਜ ਵਿਜੀਲੈਂਸ ਕੇਸ ਦਰਜ ਕੀਤੇ ਗਏ। ਇਸ ਤੋਂ ਇਲਾਵਾ ਵਿਜੀਲੈਂਸ ਪੜਤਾਲਾਂ ਦੇ ਅਧਾਰ ‘ਤੇ ਛੇ ਕੇਸ ਵੀ ਦਰਜ ਕੀਤੇ ਗਏ ਹਨ।