ਨਵੀਂ ਦਿੱਲੀ – ਫ਼ੌਜ ਮੁਖੀ ਐਮ.ਐਮ. ਨਰਵਣੇ ਨੇ ਇਕ ਵਾਰ ਫਿਰ ਦੁਹਰਾਇਆ ਕਿ ਭਾਰਤੀ ਫ਼ੌਜ ਅੱਤਵਾਦ ਨੂੰ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਨੂੰ ਤਿਆਰ ਹਾਂ, ਸਾਡੀ ਮੁਹਿੰਮ ਸੰਬੰਧੀ ਤਿਆਰੀਆਂ ਬਹੁਤ ਉਚ ਪੱਧਰ ਦੀਆਂ ਹਨ। ਇਸ ਦੇ ਨਾਲ ਹੀ ਆਰਮੀ ਚੀਫ਼ ਨੇ ਕਿਹਾ ਕਿ ਪਾਕਿਸਤਾਨ ਅਤੇ ਚੀਨ ਮਿਲ ਕੇ ਭਾਰਤ ਲਈ ਇਕ ਸ਼ਕਤੀਸ਼ਾਲੀ ਖ਼ਤਰਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਸੀਂ ਹਰ ਚੁਣੌਤੀ ਦਾ ਡਟ ਕੇ ਸਾਹਮਣਾ ਕਰਾਂਗੇ।ਐਮ.ਐਮ. ਨਰਵਣੇ ਨੇ ਆਪਣੇ ਸਾਲਾਨਾ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਪਿਛਲਾ ਸਾਲ ਚੁਣੌਤੀਆਂ ਨਾਲ ਭਰਿਆ ਸੀ। ਸਰਹੱਦ ਤੇ ਤਣਾਅ ਸੀ ਅਤੇ ਕੋਰੋਨਾ ਇਨਫੈਕਸ਼ਨ ਦਾ ਵੀ ਖ਼ਤਰਾ ਸੀ ਪਰ ਫ਼ੌਜ ਨੇ ਇਸ ਦਾ ਕਾਮਯਾਬੀ ਨਾਲ ਸਾਹਮਣਾ ਕੀਤਾ ਹੈ। ਅਸੀਂ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਤੇ ਉਚ ਪੱਧਰ ਦੀ ਸਰਗਰਮੀ ਵਰਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪੂਰਬੀ ਲੱਦਾਖ ਵਿੱਚ ਆਪਣੀਆਂ ਸਥਿਤੀਆਂ ਨੂੰ ਕਾਇਮ ਰੱਖਾਂਗੇ, ਸਮਾਨ ਸੁਰੱਖਿਆ ਦੇ ਆਧਾਰ ਤੇ ਹੱਲ ਦੀ ਉਮੀਦ ਹੈ। ਫ਼ੌਜ ਮੁਖੀ ਨੇ ਕਿਹਾ ਕਿ ਉਮੀਦ ਹੈ ਕਿ ਅਸੀਂ ਫ਼ੌਜੀਆਂ ਦੀ ਵਾਪਸੀ ਅਤੇ ਤਣਾਅ ਘੱਟ ਕਰਨ ਲਈ ਇਕ ਸਮਝੌਤੇ ਤੇ ਪਹੁੰਚਾਂਗੇ।ਨਰਵਣੇ ਨੇ ਦੱਸਿਆ ਕਿ ਪਾਕਿਸਤਾਨ ਲਗਾਤਾਰ ਅੱਤਵਾਦ ਦੀ ਵਰਤੋਂ ਰਾਜ ਨੀਤੀ ਦੇ ਔਜਾਰ ਦੇ ਰੂਪ ਵਿੱਚ ਕਰਦਾ ਆ ਰਿਹਾ ਹੈ। ਅਸੀਂ ਸਰਹੱਦ ਪਾਰ ਅੱਤਵਾਦ ਦਾ ਸਹੀ ਸਮੇਂ ਤੇ ਜਵਾਬ ਦੇਣ ਦਾ ਅਧਿਕਾਰ ਰੱਖਦੇ ਹਾਂ। ਉਨ੍ਹਾਂ ਕਿਹਾ ਕਿ ਸਾਡਾ ਬਹੁਤ ਸਪੱਸ਼ਟ ਰੁਖ ਹੈ ਕਿ ਅਸੀਂ ਅੱਤਵਾਦ ਨੂੰ ਬਰਦਾਸ਼ਤ ਨਹੀਂ ਕਰਾਂਗੇ। ਨਰਵਣੇ ਨੇ ਦੱਸਿਆ ਕਿ ਫ਼ੌਜ ਭੂ-ਰਾਜਨੀਤਕ ਘਟਨਾਕ੍ਰਮਾਂ ਅਤੇ ਖ਼ਤਰਿਆਂ ਦੇ ਆਧਾਰ ਤੇ ਆਪਣੀਆਂ ਤਿਆਰੀਆਂ ਵਿੱਚ ਤਬਦੀਲੀ ਕਰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਉੱਤਰੀ ਸਰਹੱਦ ਤੇ ਲੱਦਾਖ ਵਿੱਚ ਉਚ ਪੱਧਰ ਦੀ ਤਿਆਰੀ ਕੀਤੀ ਹੈ ਅਤੇ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਨੂੰ ਤਿਆਰ ਹਾਂ।ਫ਼ੌਜ ਵਿੱਚ ਨਵੀਂ ਤਕਨੀਕ ਦੀ ਵਰਤੋਂ ਸਬੰਧੀ ਜਨਰਲ ਨਰਵਣੇ ਨੇ ਕਿਹਾ ਕਿ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇਕ ਪੂਰੀ ਯੋਜਨਾ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਰਮੀ ਏਵੀਏਸ਼ਨ ਵਿੱਚ ਹੁਣ ਤੱਕ ਅਫ਼ਸਰ ਬੀਬੀ ਸਿਰਫ਼ ਗਰਾਊਂਡ ਡਿਊਟੀ ਤੇ ਹੀ ਸੀ ਪਰ ਹੁਣ ਇਸ ਸਾਲ ਜੁਲਾਈ ਵਿੱਚ ਜਦੋਂ ਕੋਰਸ ਸ਼ੁਰੂ ਹੋਵੇਗਾ, ਉਦੋਂ ਫਲਾਇੰਗ ਵਿੰਗ ਵਿੱਚ ਔਰਤਾਂ ਵੀ ਸ਼ਾਮਲ ਹੋਣਗੀਆਂ। ਇਕ ਸਾਲ ਬਾਅਦ ਆਰਮੀ ਏਵੀਏਸ਼ਨ ਵਿੱਚ ਫਾਈਟਰ ਪਾਇਲਟ ਮਹਿਲਾ ਹੋਵੇਗੀ। ਏਅਰਫੋਰਸ, ਜਲ ਸੈਨਾ ਤੋਂ ਬਾਅਦ ਹੁਣ ਫ਼ੌਜ ਵਿੱਚ ਵੀ ਔਰਤਾਂ ਪਾਇਲਟ ਦੇ ਰੋਲ ਵਿੱਚ ਹੋਣਗੀਆਂ। ਇਸ ਸਾਲ ਤੋਂ ਸਿਖਲਾਈ ਸ਼ੁਰੂ ਹੋਵੇਗੀ।