ਸ੍ਰੀ ਮੁਕਤਸਰ ਸਾਹਿਬ, 10 ਸਤੰਬਰ 2020 – ਅਰੁਨਵੀਰ ਵਸ਼ਿਸਟ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਅਥਾਰਟੀ ਦੇ ਪੈਰਾ ਲੀਗਲ ਵਲੰਟੀਅਰਜ਼ ਦੇ ਸਹਿਯੋਗ ਨਾਲ ਆਮ ਲੋਕਾਂ ਲਈ ਇੱਕ ਵੈਬੀਨਾਰ ਕੀਤਾ ਗਿਆ। ਇਹ ਜਾਣਕਾਰੀ ਅਥਾਰਟੀ ਦੇ ਸਕੱਤਰ ਪ੍ਰਿਤਪਾਲ ਸਿੰਘ ਸਿਵਲ ਜੱਜ ਸੀਨੀਅਰ ਡਵੀਜ਼ਨ/ਸੀ.ਜੇ.ਐਮ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਮੁਫ਼ਤ ਕਾਨੂੰਨੀ ਸਹਾਇਤਾ, ਅਪਰਾਧ ਪੀੜਤਾਂ ਨੂੰ ਮੁਆਵਜ਼ਾ ਸਕੀਮਾਂ, ਡੀ.ਵੀ.ਐਕਟ, ਬਜ਼ੁਰਗਾਂ ਪ੍ਰਤੀ ਕਾਨੂੰਨਾਂ ਸੰਬੰਧੀ, ਬੱਚਿਆਂ ਪ੍ਰਤੀ ਕਾਨੂੰਨਾਂ ਸੰਬੰਧੀ, ਪਾਕਸੋ ਐਕਟ ਅਤੇ ਨਾਲਸਾ ਦੀਆਂ ਵੱਖ-ਵੱਖ ਸਕੀਮਾਂ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਵੈਬੀਨਾਰ ਵਿੱਚ ਬੱਚਿਆਂ ਪ੍ਰਤੀ ਵੱਖ-ਵੱਖ ਲਾਭਪਾਤਰੀ ਸਕੀਮਾਂ ਅਤੇ ਹੋਰ ਵੱਖ-ਵੱਖ ਵਿਸ਼ਿਆਂ ‘ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਦੇ ਨਾਲ ਹੀ ਅਥਾਰਟੀ ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਜੁਡੀਸ਼ੀਅਲ ਸਟਾਫ ਲਈ ਇੱਕ ਵੱਖਰਾ ਵੈਬੀਨਾਰ ਵੀ ਆਯੋਜਿਤ ਕੀਤਾ ਗਿਆ, ਜਿਸ ਵਿੱਚ ਮੁਫ਼ਤ ਕਾਨੂੰਨੀ ਸਹਾਇਤਾ, ਅਪਰਾਧ ਪੀੜਤਾਂ ਨੂੰ ਮੁਆਵਜ਼ਾ ਸਕੀਮਾਂ, ਨਾਲਸਾ ਦੀਆਂ ਵੱਖ-ਵੱਖ ਸਕੀਮਾਂ, ਬਜ਼ੁਰਗਾਂ ਅਤੇ ਬੱਚਿਆਂ ਪ੍ਰਤੀ ਕਾਨੂੰਨਾਂ ਸੰਬੰਧੀ ਅਤੇ ਇਸ ਦੇ ਨਾਲ ਹੀ ਵਿਵਾਦਾਂ ਦੇ ਛੇਤੀ ਅਤੇ ਸਥਾਈ ਹੱਲ ਲਈ ਏ.ਡੀ.ਆਰ. ਵਿਧੀਆਂ ਜਿਵੇਂ ਕਿ ਲੋਕ ਅਦਾਲਤਾਂ, ਮੀਡੀਏਸ਼ਨ ਕੇਂਦਰ ਅਤੇ ਸਥਾਈ ਲੋਕ ਅਦਾਲਤਾਂ (ਜਨ ਉਪਯੋਗੀ ਸੇਵਾਵਾਂ) ਬਾਰੇ ਜਾਗਰੂਕ ਕੀਤਾ। ਸਕੱਤਰ ਨੇ ਦੱਸਿਆ ਕਿ ਮੁਫ਼ਤ ਕਾਨੂੰਨੀ ਸੇਵਾਵਾਂ ਸੰਬੰਧੀ ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਹੈਲਪਲਾਈਨ ਨੰਬਰ 1968 ਉੱਪਰ ਜਾਂ ਸਿੱਧੇ ਤੌਰ ‘ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਨਾਲ ਵੀ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ।