ਸਰੀ, 29 ਮਈ 2020-ਸਰੀ ਦੇ ਸ਼ਹਿਰੀਆਂ ਲਈ ਖੁਸ਼ਨੁਮਾ ਖ਼ਬਰ ਇਹ ਹੈ ਕਿ ਸਰੀ ਦੇ 200 ਤੋਂ ਵੱਧ ਖੇਡ ਮੈਦਾਨ ਅਤੇ 8 ਸਕੇਟ ਪਾਰਕ 1 ਜੂਨ ਤੱਕ ਮੁੜ ਖੁੱਲ੍ਹ ਜਾਣਗੇ। ਅੱਜ ਇੱਕ ਸਾਂਝੇ ਬਿਆਨ ਵਿਚ ਇਹ ਪ੍ਰਗਟਾਵਾ ਕਰਦਿਆਂ ਸਿਟੀ ਆਫ ਸਰੀ ਅਤੇ ਸਰੀ ਐਜੂਕੇਸ਼ਨ ਬੋਰਡ ਵੱਲੋਂ ਕਿਹਾ ਗਿਆ ਹੈ ਕਿ ਖੇਡ ਮੈਦਾਨ ਅਤੇ ਪਾਰਕ ਦੁਬਾਰਾ ਖੋਲ੍ਹਣ ਦਾ ਫੈਸਲਾ ਸੂਬਾਈ ਕੋਵਿਡ -19 ਸਿਹਤ ਅਤੇ ਸੁਰੱਖਿਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤਾ ਗਿਆ ਹੈ। ਇਸ ਫੈਸਲੇ ਨਾਲ ਸ਼ਹਿਰ ਦੇ ਪਾਰਕ ਪ੍ਰਣਾਲੀ ਵਿਚਲੇ 125 ਖੇਡ ਮੈਦਾਨ ਅਤੇ 101 ਐਲੀਮੈਂਟਰੀ ਸਕੂਲਾਂ ਦੇ ਮੈਦਾਨਾਂ ਨੂੰ ਦੁਬਾਰਾ ਖੋਲ੍ਹਿਆ ਜਾਵੇਗਾ।
ਬਿਆਨ ਅਨੁਸਾਰ ਸਿਟੀ ਆਫ ਸਰੀ ਆਪਣੇ ਸਕੇਟ ਪਾਰਕਾਂ ਨੂੰ ਵੀ ਦੁਬਾਰਾ ਖੋਲ੍ਹ ਰਿਹਾ ਹੈ, ਜਿਨ੍ਹਾਂ ਵਿਚ ਬੀਅਰ ਕਰੀਕ ਪਾਰਕ, ਰਾਇਲ ਕੰਵਾਟਲੇਨ ਪਾਰਕ, ਫਰੇਜ਼ਰ ਹਾਈਟਸ ਪਾਰਕ, ਕਲੋਵਰਡੇਲ ਫੇਅਰ ਗਰਾਊਂਡ, ਸਾਊਥ ਸਰੀ ਅਥਲੈਟਿਕ ਪਾਰਕ, ਟੌਮ ਬਿਨੀ ਪਾਰਕ, ਸਰੀ ਸਪੋਰਟ ਅਤੇ ਲਈਅਰ ਕੰਪਲੈਕਸ ਅਤੇ ਗਿਲਫਰਡ ਰੀਕਰੀਏਸ਼ਨ ਸੈਂਟਰ ਸ਼ਾਮਲ ਹਨ ਅਤੇ ਇਹ ਪਾਰਕ 30 ਮਈ ਤੋਂ ਖੁੱਲ੍ਹ ਜਾਣਗੇ। ਇਨ੍ਹਾਂ ਪਾਰਕਾਂ ਵਿਚ ਸਰੀਰਕ ਦੂਰੀ ਅਤੇ ਪਾਰਕ ਵਿਚ ਸ਼ਾਮਲ ਹੋਣ ਵਾਲੀਆਂ ਦੀ ਗਿਣਤੀ ਆਦਿ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ।
ਜ਼ਿਕਰਯੋਗ ਹੈ ਕਿ ਬੀ.ਸੀ. ਐਕਟਿਵ ਕੋਵੀਡ -19 ਕੇਸਾਂ ਦੀ ਬਹੁਤ ਘੱਟ ਦਰ ਹੈ। ਸੂਬੇ ਵਿਚ 28 ਮਈ ਤੱਕ ਇਸ ਬਿਮਾਰੀ ਦੇ 243 ਐਕਟਿਵ ਕੇਸ ਹਨ ਜਿਨ੍ਹਾਂ ਵਿੱਚੋਂ 33 ਹਸਪਤਾਲਾਂ ਵਿਚ ਜ਼ੇਰੇ-ਇਲਾਜ ਹਨ ਅਤੇ ਸਕਾਰਾਤਮਕ ਟੈਸਟ ਵਾਲੇ 2,153 ਜਣੇ ਠੀਕ ਹੋ ਚੁੱਕੇ ਹਨ।