ਮਾਨਸਾ, 21 ਜੂਨ 2020 – ਮਾਨਸਾ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋਂ 11 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨਾਂ ਵਿਰੁੱਧ 10 ਮੁਕੱਦਮੇ ਦਰਜ ਕੀਤੇ ਹਨ। ਗ੍ਰਿਫਤਾਰ ਵਿਅਕਤੀਆਂ ਪਾਸੋਂ 1670 ਨਸ਼ੀਲੀਆ ਗੋਲੀਆਂ, 80 ਲੀਟਰ ਲਾਹਣ, 1 ਚਾਲੂ ਭੱਠੀ ਅਤੇ 68 ਬੋਤਲਾਂ ਸ਼ਰਾਬ ਸਮੇਤ 2 ਮੋਟਰਸਾਈਕਲਾਂ ਦੀ ਬਰਾਮਦਗੀ ਕੀਤੀ ਗਈ ਹੈ। ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਨੇ ਲਛਮਣ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਜਟਾਣਾ ਕਲਾਂ ਨੂੰ ਮੋਟਰਸਾਈਕਲ ਸਮੇਤ ਕਾਬੂ ਕਰਕੇ 500 ਟਰਾਮਾਡੋਲ ਗੋਲੀਆਂ ਬਰਾਮਦ ਹੋਣ ਤੇ ਥਾਣਾ ਸਰਦੂਲਗੜ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਜੋਗਾ ਦੀ ਪੁਲਿਸ ਪਾਰਟੀ ਨੇ ਕੁਲਦੀਪ ਸਿੰਘ ਉਰਫ ਕਾਲਾ ਪੁੱਤਰ ਭੋਲਾ ਸਿੰਘ ਵਾਸੀ ਬੁਰਜ ਢਿੱਲਵਾ ਤੋਂ 500 ਕਲੋਵੀਡੋਲ ਗੋਲੀਆਂ ਫੜੀਆਂ ਹਨ। ਸੀ.ਆਈ.ਏ. ਸਟਾਫ ਮਾਨਸਾ ਨੇ ਕਰਮਜੀਤ ਕੌਰ ਪਤਨੀ ਨਾਨਕ ਸਿੰਘ ਵਾਸੀ ਖੀਵਾ ਖੁਰਦ ਨੂੰ ਕਾਬੂ ਕਰਕੇ 360 ਨਸੀਲੀਆਂ ਗੋਲੀਆਂ ਫੜੀਆਂ ਹਨ।
ਸੀ.ਆਈ.ਏ. ਸਟਾਫ ਮਾਨਸਾ ਨੇ ਹੀ ਗੁਰਸੇਵਕ ਸਿੰਘ ਉਰਫ ਸੇਵਕ ਪੁੱਤਰ ਰਣਜੀਤ ਸਿੰਘ ਵਾਸੀ ਖਿਆਲਾ ਕਲਾਂ ਨੂੰ ਕਾਬੂ ਕਰਕੇ 200 ਨਸ਼ੀਲੀਆ ਗੋਲੀਆ ਮਾਰਕਾ ਕਲੋਵੀਡੋਲ ਬਰਾਮਦ ਕਰਕੇ ਥਾਣਾ ਸਿਟੀ-2 ਮਾਨਸਾ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਕਰਵਾਇਆ ਹੈ। ਥਾਣਾ ਭੀਖੀ ਦੀ ਪੁਲਿਸ ਪਾਰਟੀ ਨੇ ਭੋਲਾ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਭੁਪਾਲ ਖੁਰਦ ਅਤੇ ਛੋਟੀ ਕੌਰ ਪਤਨੀ ਭੋਲਾ ਸਿੰਘ ਵਾਸੀ ਭੀਖੀ ਨੂੰ ਕਾਬੂ ਕਰਕੇ 110 ਨਸੀਲੀਆਂ ਗੋਲੀਆਂ ਬਰਾਮਦ ਹੋਣ ਤੇ ਥਾਣਾ ਭੀਖੀ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਕਰਵਾਇਆ ਹੈ। ਪੁਲਿਸ ਗਿ੍ਰਫਤਾਰ ਵਿਅਕਤੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕਰੇਗੀ ਤਾਂ ਜੋ ਹਰ ਖੁਲਾਸੇ ਹੋ ਸਕਣ।ਇਸੇ ਤਰਾਂ ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਰਾਜ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਉਡਤ ਭਗਤ ਰਾਮ ਨੂੰ ਸਰਾਬ ਨਜਾਇਜ ਕਸੀਦ ਕਰਦਿਆਂ 1 ਚਾਲੂ ਭੱਠੀ, 40 ਲੀਟਰ ਲਾਹਣ ਅਤੇ 3 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ।
ਥਾਣਾ ਸਿਟੀ-2 ਮਾਨਸਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਕੁਲਵੀਰ ਸਿੰਘ ਪੁੱਤਰ ਬੁੱਧ ਰਾਮ ਵਾਸੀ ਮਾਨਸਾ ਵਿਰੁੱਧ ਥਾਣਾ ਸਿਟੀ-2 ਮਾਨਸਾ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ ਕਰਕੇ ਉਸ ਤੋਂ 40 ਲੀਟਰ ਲਾਹਣ ਬਰਾਮਦ ਕੀਤਾ ਹੈ। ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਨੇ ਹਰਜਿੰਦਰ ਸਿੰਘ ਪੁੱਤਰ ਵੀਰਾ ਸਿੰਘ ਵਾਸੀ ਮਾਨਸਾ ਪਾਸੋ 36 ਬੋਤਲਾਂ ਸਰਾਬ ਠੇਕਾ ਦੇਸੀ ਮਾਰਕਾ ਸਾਹੀ (ਹਰਿਆਣਾ) ਬਰਾਮਦ ਕੀਤੀਆਂ ਹਨ ਪਰ ਗਿ੍ਰਫਤਾਰੀ ਬਾਕੀ ਹੈ। ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਨੇ ਬਲਤੇਜ ਸਿੰਘ ਉਰਫ ਅੰਗਰੇਜ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਲਖਮੀਰਵਾਲਾ ਨੂੰ ਮੋਟਰਸਾਈਕਲ ਸਮੇਤ ਕਾਬੂ ਕਰਕੇ 20 ਬੋਤਲਾਂ ਸ਼ਰਾਬ ਫੜੀ ਹੈ। ਥਾਣਾ ਭੀਖੀ ਦੀ ਪੁਲਿਸ ਪਾਰਟੀ ਨੇ ਬਬਲਾ ਖਾਨ ਪੁੱਤਰ ਮੱਖਣ ਖਾਨ ਵਾਸੀ ਹਮੀਰਗੜ ਢੈਪਈ ਅਤੇ ਬਿੱਟੂ ਪੁੱਤਰ ਲਾਭ ਸਿੰਘ ਵਾਸੀ ਭੰਮੇ ਖੁਰਦ ਨੂੰ ਕਾਬੂ ਕਰਕੇ 9 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ ਹਨ।