ਫਿਰੋਜ਼ਪੁਰ – ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲਾ ਖਿਲਾਫ ਜਿੱਥੇ ਦੇਸ਼ ਭਰ ਦੇ ਕਿਸਾਨਾਂ ਚ ਰੋਸ ਦੇਖਣ ਨੂੰ ਮਿਲ ਰਿਹਾ ਉੱਥੇ ਹੀ ਕਿਸਾਨਾਂ ਦੇ ਸਮਰਥਨ ਚ ਨਿੱਤਰੇ ਭਾਜਪਾਈਆਂ ਵਲੋਂ ਵੀ ਅਸਤੀਫਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਜਿਸ ਦੇ ਚਲਦਿਆਂ ਫਿਰੋਜ਼ਪੁਰ ਚ ਕਈ ਭਾਜਪਾ ਆਗੂਆਂ ਵਲੋਂ ਧੜਾ ਧੜ ਅਸਤੀਫੇ ਦਿੱਤੇ ਜਾ ਰਹੇ ਹਨ। ਇਹਨਾਂ ਭਾਜਪਾਈਆਂ ਦੇ ਅਸਤੀਫਿਆ ਨੂੰ ਲੈ ਕੇ ਵੀ ਸਿਆਸੀ ਖੇਮੇਆਂ ਚ ਚਰਚਾ ਛਿੜ ਪਈ ਹੈ। ਕਾਂਗਰਸੀਆਂ ਵਲੋਂ ਇਹਨਾਂ ਅਸਤੀਫਿਆ ਨੂੰ ਨੇੜੇ ਆ ਰਹੀਆਂ ਨਗਰ ਕੌਂਸਲ ਚੋਣਾਂ ਦਾ ਸਿਆਸੀ ਸਟੰਟ ਦਸਿਆ ਜਾ ਰਿਹਾ ਹੈ। ਉਧਰ ਆਮ ਆਦਮੀ ਪਾਰਟੀ ਇਹਨਾਂ ਅਸਤੀਫਿਆਂ ਨੂੰ ਕਿਸਾਨਾਂ ਦੇ ਰੋਸ ਅੱਗੇ ਝੁਕਣਾ ਦੱਸ ਰਹੀ ਹੈ। ਭਾਜਪਾ ਅੰਦਰ ਬੈਠੇ ਭਰੋਸੇ ਯੋਗ ਸੂਤਰਾਂ ਅਨੁਸਾਰ ਸਾਬਕਾ ਪੰਜਾਬ ਪ੍ਰਧਾਨ ਭਾਜਪਾ ਸ਼੍ਰੀ ਕਮਲ ਸ਼ਰਮਾ ਦੀ ਬੇਵਕਤੀ ਮੌਤ ਤੋਂ ਬਾਅਦ ਫਿਰੋਜ਼ਪੁਰ ਦੀ ਭਾਜਪਾ ਲਾਬੀ ਦੀ ਨਗਰ ਕੌਂਸਲ ਚੋਣਾਂ ਵੇਲੇ ਬਾਂਹ ਫੜਨ ਵਾਲਾ ਕੋਈ ਲੀਡਰ ਨਹੀਂ ਰਿਹਾ ਇਸ ਲਈ ਇਹ ਲੋਕ ਅਸਤੀਫੇ ਦੇ ਕੇ ਨਵੇਂ ਆਕਾ ਦੀ ਤਲਾਸ਼ ਲਈ ਹੋ ਤੁਰੇ ਹਨ। ਚੇਅਰਮੈਨੀਆ ਵਰਗੇ ਅਹੁਦਿਆਂ ਦਾ ਨਿਘ ਮਾਣ ਚੁੱਕੇ ਭਾਜਪਾ ਆਗੂ ਵੀ ਵੀ ਕਿਸੇ ਨਵੇਂ ਰੱਥ ਦੀ ਤਲਾਸ਼ ਚ ਹੋ ਤੁਰੇ ਹਨ। ਇਹ ਭਾਜਪਾਈ ਕੇਂਦਰ ਦੀ ਸਰਕਾਰ ਨੂੰ ਕਿਸਾਨ ਵਿਰੋਧੀ ਤਾਂ ਦੱਸ ਰਹੇ ਹਨ ਪਰ ਸੰਗ ਨਾਲ ਨਾਤਾ ਰੱਖਣਾ ਜਾਂ ਤੋੜਨਾ ਇਹ ਸਪਸ਼ਟ ਨਹੀਂ ਕਰ ਸਕੇ।