ਪੀ.ਏ.ਆਈ.ਸੀ. ਵਲੋਂ ਸੂਬੇ ਦੇ ਕਿਸਾਨਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਮਾਹਰਾਂ ਨੂੰ ਭਰਤੀ ਕਰਨ ਦਾ ਫੈਸਲਾ
ਚੰਡੀਗੜ – ਸੂਬੇ ਵਿੱਚ ਚੱਲ ਰਹੀ ਫਸਲੀ ਵਿਭਿੰਨਤਾ ਦੀ ਪ੍ਰਕਿਰਿਆ ਨੂੰ ਹੋਰ ਪ੍ਰਫੁੱਲਿਤ ਕਰਨ ਅਤੇ ਪੰਜਾਬ ਦੇ ਕਿਸਾਨਾਂ ਨੂੰ ਵਧੀਆ ਖੇਤੀ ਸੇਵਾਵਾਂ ਉਪਲਬਧ ਕਰਵਾਉਣ ਦੀ ਸਹੂਲਤ ਦੇਣ ਦੇ ਉਦੇਸ਼ ਨਾਲ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਨੇ ਰਾਜ ਵਿੱਚ ਵਧੀਆ ਯੋਗਤਾ ਪ੍ਰਾਪਤ ‘ਮੈਨੇਜਮੈਂਟ ਟ੍ਰੇਨੀਜ਼’ ਭਰਤੀ ਕਰਨ ਦਾ ਫੈਸਲਾ ਕੀਤਾ ਹੈ।ਇਹ ਫੈਸਲਾ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਪੰਜਾਬ ਦੇ ਸਾਬਕਾ ਮੰਤਰੀ ਸ੍ਰੀ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਵਿੱਚ ਅੱਜ ਇਥੇ ਨਿਗਮ ਦੇ ਦਫਤਰ ਵਿਖੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਦੌਰਾਨ ਲਿਆ ਗਿਆ।ਨਿਗਮ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਮਨਜੀਤ ਸਿੰਘ ਬਰਾੜ ਦੀ ਹਾਜ਼ਰੀ ਵਿੱਚ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਚੇਅਰਮੈਨ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਸੂਬੇ ਵਿੱਚ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣਾ ਸਮੇਂ ਦੀ ਲੋੜ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਫਸਲੀ ਵਿਭਿੰਨਤਾ ਨੂੰ ਉਤਸ਼ਾਹਤ ਕਰਨ ਲਈ ਬਣਦੇ ਯਤਨ ਕਰ ਰਹੇ ਹਨ ਜਿਸ ਨਾਲ ਉਨਾਂ ਨੂੰ ਕਣਕ / ਝੋਨੇ ਦੇ ਚੱਕਰ ਵਿਚੋਂ ਬਾਹਰ ਕੱਢਿਆ ਜਾ ਰਿਹਾ ਹੈ। ਸ੍ਰੀ ਮਾਨ ਨੇ ਕਿਹਾ ਕਿ ਰਾਜ ਵਿੱਚ ਬਦਲਵੀਆਂ ਫਸਲਾਂ ਦੀ ਵੱਡੀ ਸੰਭਾਵਨਾ ਹੈ ਜਿਸ ਲਈ ਵੱਡੇ ਪੱਧਰ ’ਤੇ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ।ਚੇਅਰਮੈਨ ਨੇ ਕਿਹਾ ਕਿ ਸੂਬੇ ਵਿਚ ਫਸਲੀ ਵਿਭਿੰਨਤਾ ਲਿਆਉਣ ਲਈ ਕਾਰਪੋਰੇਸ਼ਨ (ਜੋ ਕਿ ਨੋਡਲ ਏਜੰਸੀ ਵੀ ਹੈ) ਵਲੋਂ ਰਾਜ ਦੇ ਕਿਸਾਨਾਂ ਨੂੰ ਸਹੂਲਤਾਂ ਦੇਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨਾਂ ਕਿਹਾ ਕਿ ਕਾਰਪੋਰੇਸ਼ਨ ਬੀਜਾਂ, ਜਿਪਸਮ, ਖਾਦਾਂ ਅਤੇ ਹੋਰਾਂ ਦੀ ਵਿਕਰੀ ਦੇ ਰੂਪ ਵਿੱਚ ਬਹੁਤ ਸਾਰੀਆਂ ਕਿਸਾਨ ਪੱਖੀ ਗਤੀਵਿਧੀਆਂ ਕਰ ਰਹੀ ਹੈ ਜਿਸ ਵਿੱਚ ਯੋਗਤਾ ਪ੍ਰਾਪਤ ‘ ਮੈਨੇਜਮੈਂਟ ਟ੍ਰੇਨੀਜ਼ ’ ਅਹਿਮ ਭੂਮਿਕਾ ਨਿਭਾਉਣਗੇ। ਸ੍ਰੀ ਮਾਨ ਨੇ ਕਿਹਾ ਬਿਹਤਰ ਖੇਤੀਬਾੜੀ ਸੇਵਾਵਾਂ ਅਤੇ ਸੁਚੱਜੀ ਡਿਲੀਵਰੀ ਲਈ ਕਿ ਬੀ.ਐਸ.ਸੀ (ਐਗਰੀਕਲਚਰ) ਸਮੇਤ ਐਮ.ਬੀ.ਏ ਦੀ ਪਿਛੋਕੜ ਵਾਲੇ ‘ਮੈਨੇਜਮੈਂਟ ਟ੍ਰੇਨੀਜ਼’ ਭਰਤੀ ਕੀਤੇ ਜਾਣਗੇ।ਚੇਅਰਮੈਨ ਨੇ ਕਿਹਾ ਕਿ ਰਾਜ ਦੇ ਕਿਸਾਨ ਫਸਲੀ ਵਿਭਿੰਨਤਾ ਅਤੇ ਫੂਡ ਪ੍ਰੋਸੈਸਿੰਗ ਰਾਹੀਂ ਆਪਣੀ ਕਿਸਮਤ ਬਦਲ ਸਕਦੇ ਹਨ ਅਤੇ ਫਸਲੀ ਵਿਭਿੰਨਤਾ ਅਤੇ ਫੂਡ ਪ੍ਰੋਸੈਸਿੰਗ ਖੇਤਰ ਅਪਣਾਉਣਾ ਉਹਨਾਂ ਲਈ ਲਾਹੇ ਦਾ ਸੌਦਾ ਸਾਬਤ ਹੋ ਸਕਦਾ ਹੈ। ਉਨਾਂ ਕਿਹਾ ਕਿ ਗਾਹਕਾਂ ਵੱਲੋਂ ਸਿੱਘਾ ਖੇਤ ਵਿਚੋਂ ਮਾਲ ਚੁੱਕਣ ਦੀ ਵੱਧਦੀ ਮੰਗ ਕਾਰਨ ਕਿਸਾਨ ਭਾਰੀ ਮੁਨਾਫਾ ਕਮਾ ਸਕਦੇ ਹਨ। ਸ੍ਰੀ ਮਾਨ ਨੇ ਆਸ ਪ੍ਰਗਟਾਈ ਕਿ ਕਾਰਪੋਰੇਸ਼ਨ, ਵਿਭਿੰਨਤਾ ਅਤੇ ਖੇਤੀਬਾੜੀ ਅਧਾਰਤ ਉਦਯੋਗਾਂ ਨੂੰ ਹੁਲਾਰਾ ਦੇ ਕੇ ਕਿਸਾਨੀ ਦੀ ਨੁਹਾਰ ਬਦਲਣ ਲਈ ਅਹਿਮ ਕੜੀ ਵਜੋਂ ਕੰਮ ਕਰੇਗੀ।ਇਸ ਮੌਕੇ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਮਨਜੀਤ ਸਿੰਘ ਬਰਾੜ, ਬੋਰਡ ਦੇ ਡਾਇਰੈਕਟਰਾਂ ਕਿਰਨਜੀਤ ਸਿੰਘ ਮਿੱਠਾ ਅਤੇ ਸ੍ਰੀ ਰਣਜੀਤ ਸਿੰਘ ਸਮੇਤ ਹੋਰ ਹਾਜ਼ਰ ਸਨ।