ਕੈਲੀਫੋਰਨੀਆ – ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਦੇਸ਼ ਵਾਸੀਆਂ ਨੂੰ ਕੋਰੋਨਾਂ ਵਾਇਰਸ ਟੀਕਾਕਰਨ ਲਈ ਉਤਸ਼ਾਹਿਤ ਕਰਨ ਅਤੇ ਇਸਦੀ ਪ੍ਰਭਾਵਸ਼ੀਲਤਾ ਪ੍ਰਤੀ ਲੋਕਾਂ ਦੇ ਵਿਸ਼ਵਾਸ ਨੂੰ ਵਧਾਉਣ ਦੇ ਯਤਨ ਵਜੋਂ ਸ਼ੁੱਕਰਵਾਰ ਨੂੰ ਕੋਰੋਨਾਂ ਵਾਇਰਸ ਦਾ ਟੀਕਾ ਲਗਵਾਇਆ ਹੈ।ਇਸ ਟੀਕਾਕਰਨ ਵਿੱਚ ਪੈਂਸ ਨੇ ਆਪਣੀ ਪਤਨੀ ਕੈਰਨ ਪੈਂਸ ਅਤੇ ਸਰਜਨ ਜਨਰਲ ਜੇਰੋਮ ਐਡਮਜ਼ ਸਮੇਤ ਲਾਈਵ ਟੈਲੀਵਿਜ਼ਨ ‘ਤੇ ਫਾਈਜ਼ਰ ਟੀਕੇ ਦੇ ਸ਼ਾਟ ਪ੍ਰਾਪਤ ਕੀਤੇ।ਇਹ ਟੀਕਾ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਦੀ ਮੈਡੀਕਲ ਟੀਮ ਦੁਆਰਾ ਵ੍ਹਾਈਟ ਹਾਊਸ ਨੇੜੇ ਆਈਸਨਹਾਵਰ ਐਗਜ਼ੀਕਿਊਟਿਵ ਆਫਿਸ ਬਿਲਡਿੰਗ ਵਿੱਚ ਲਗਾਇਆ ਗਿਆ।ਟੀਕਾਕਰਨ ਦੌਰਾਨ ਪੇਂਸ ਨੇ ਆਪਣੀ ਖੱਬੀ ਬਾਂਹ ਵਿੱਚ ਟੀਕਾ ਲਗਵਾਇਆ ਅਤੇ ਕਿਹਾ ਕਿ ਉਹ ਅਮਰੀਕੀ ਲੋਕਾਂ ਨੂੰ ਭਰੋਸਾ ਦਿਵਾਉਣ ਲਈ ਇਹ ਟੀਕਾ ਲਗਵਾਉਣਾ ਚਾਹੁੰਦੇ ਸਨ।ਟੀਕਾਕਰਨ ਉਪਰੰਤ ਡਾਕਟਰਾਂ ਨੇ ਤਿੰਨੇ ਹਸਤੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਟੀਕੇ ਦੀ ਦੂਜੀ ਖੁਰਾਕ 21 ਦਿਨਾਂ ਬਾਅਦ ਦਿੱਤੀ ਜਾਵੇਗੀ। ਇਸ ਦੌਰਾਨ ਇਹ ਅਸਪਸ਼ਟ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਕੋਵਿਡ -19 ਦਾ ਟੀਕਾ ਪ੍ਰਾਪਤ ਕਰਨਗੇ ਜਦਕਿ ਬਾਈਡੇਨ ਦਫਤਰ ਦੇ ਅਧਿਕਾਰੀ ਅਨੁਸਾਰ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਨੂੰ ਅਗਲੇ ਹਫਤੇ ਤੱਕ ਟੀਕਾ ਲਗਾਇਆ ਜਾ ਸਕਦਾ ਹੈ।ਉਪ ਰਾਸ਼ਟਰਪਤੀ ਪੈਂਸ ਨੂੰ ਇਹ ਟੀਕਾ ਦੇਸ਼ ਭਰ ਦੀਆਂ ਸਿਹਤ ਸਹੂਲਤਾਂ ਵਿਚ ਪਹੁੰਚਾਉਣ ਅਤੇ ਫਰੰਟਲਾਈਨ ਕਰਮਚਾਰੀਆਂ ਅਤੇ ਨਰਸਿੰਗ ਹੋਮ ਦੇ ਵਸਨੀਕਾਂ ਨੂੰ ਦਿੱਤੇ ਜਾਣ ਤੋਂ ਕੁਝ ਦਿਨਾਂ ਬਾਅਦ ਹੀ ਲਗਾਇਆ ਗਿਆ ਹੈ।ਕੋਰੋਨਾ ਟੀਕਾਕਰਨ ਦੇ ਸ਼ੁਰੂ ਹੋਣ ਦੇ ਨਾਲ ਵਾਇਰਸ ਦੇ ਵਧ ਰਹੇ ਮਾਮਲਿਆਂ ਨੂੰ ਰੋਕਣ ਲਈ ਇੱਕ ਆਸ ਦੀ ਕਿਰਨ ਪੈਦਾ ਹੋਈ ਹੈ। ਜਿਕਰਯੋਗ ਹੈ ਕਿ ਕੋਰੋਨਾਂ ਵਾਇਰਸ ਮਹਾਂਮਾਰੀ ਨੇ ਸਿਰਫ ਯੂ ਐਸ ਵਿੱਚ ਹੀ 300,000 ਤੋਂ ਵੱਧ ਲੋਕਾਂ ਦੀ ਜਾਨ ਲਈ ਹੈ ਅਤੇ ਲੱਗਭਗ 17 ਮਿਲੀਅਨ ਤੋਂ ਵੱਧ ਲੋਕ ਇਸਦੀ ਲਾਗ ਨਾਲ ਪੀੜਤ ਹਨ