ਕੈਲੇਫੋਰਨੀਆ – ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਭਾਰੀ ਬਰਫ਼ਬਾਰੀ ਨੇ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ।ਇਸ ਬਰਫ਼ੀਲੇ ਤੁਫ਼ਾਨ ਨੇ ਸੜਕਾਂ ਉੱਪਰ ਬਰਫ਼ ਦੀ ਮੋਟੀ ਚਾਦਰ ਵਿਛਾ ਕੇ ਆਵਾਜਾਈ ਨੂੰ ਵੀ ਬੰਦ ਕਰਨ ਲਈ ਮਜਬੂਰ ਕੀਤਾ। ਇਸੇ ਭਾਰੀ ਬਰਫ਼ਬਾਰੀ ਦੌਰਾਨ ਪੁਲਿਸ ਨੇ ਵੀਰਵਾਰ ਨੂੰ ਨਿਊਯਾਰਕ ਵਿੱਚ 10 ਘੰਟਿਆਂ ਤੋਂ ਬਰਫ਼ ਹੇਠ ਕਾਰ ਵਿੱਚ ਫਸੇ ਹੋਏ ਇੱਕ 58 ਸਾਲਾਂ ਵਿਅਕਤੀ ਨੂੰ ਬਚਾਇਆ ਹੈ। ਨਿਊਯਾਰਕ ਪੁਲਿਸ ਦੇ ਇੱਕ ਬਿਆਨ ਅਨੁਸਾਰ ਕੇਵਿਨ ਕ੍ਰੇਸਨ, ਜੋ ਨਿਊਯਾਰਕ ਦੇ ਕੈਂਡੋਰ ਦਾ ਰਹਿਣ ਵਾਲਾ ਹੈ, ਨੇ ਬੁੱਧਵਾਰ ਰਾਤ ਨੂੰ ਬਰਫ਼ਬਾਰੀ ਦੌਰਾਨ ਸੜਕ ‘ਤੇ ਆਪਣੀ ਕਾਰ ਵਿੱਚ ਫਸਣ ਤੋਂ ਬਾਅਦ ਕਈ ਵਾਰ 911’ਤੇ ਸੰਪਰਕ ਕੀਤਾ। ਇਸ ਦੌਰਾਨ ਅਧਿਕਾਰੀ ਸ਼ੁਰੂਆਤੀ ਤੌਰ ‘ਤੇ ਭਾਰੀ ਬਰਫ਼ ਪੈਣ ਕਰਕੇ ਵਾਹਨ ਦਾ ਪਤਾ ਲਗਾਉਣ ਵਿੱਚ ਨਾਕਾਮਯਾਬ ਹੋਏ ਪਰ ਬਾਅਦ ਵਿੱਚ ਜਦੋਂ ਜ਼ੋਨ ਸਾਰਜੈਂਟ ਜੇਸਨ ਕਾਵਲੇ ਓਵੇਗੋ ਦੁਆਰਾ ਕਸਬੇ ਵਿੱਚ ਮੇਲ ਬਾਕਸਾਂ ਦੀ ਇੱਕ ਲੜੀ ਦੇ ਪਤੇ ਦੀ ਜਾਂਚ ਕਰਨ ਸਮੇਂ ਬਰਫ਼ ਦੀ ਖ਼ੁਦਾਈ ਦੌਰਾਨ ਇੱਕ ਕਾਰ ਦੇ ਸ਼ੀਸ਼ੇ ਨੂੰ ਵੱਜੀ ਟੱਕਰ ਨਾਲ ਕ੍ਰੇਸਨ ਦੀ ਜਾਣਕਾਰੀ ਮਿਲੀ। ਇਸ ਦੌਰਾਨ ਕ੍ਰੇਸਨ ਨੇ ਪੁਲਿਸ ਨੂੰ ਦੱਸਿਆ ਕਿ ਬਰਫ਼ਬਾਰੀ ਨੇ ਉਸਦੀ ਕਾਰ ਨੂੰ ਕਰੀਬ 4 ਫੁੱਟ ਤੱਕ ਬਰਫ਼ ਹੇਠਾਂ ਦੱਬ ਦਿੱਤਾ ਸੀ ਅਤੇ ਉਹ ਲਗਭਗ 10 ਘੰਟਿਆਂ ਤੋਂ ਬਿਨਾਂ ਹੀਟ ਦੇ ਵੱਧ ਸਮੇਂ ਲਈ ਕਾਰ ਵਿੱਚ ਹੀ ਫਸਿਆ ਹੋਇਆ ਸੀ।ਇਸ ਘਟਨਾ ਨਾਲ ਕ੍ਰੇਸਨ ਦੇ ਜ਼ਬਰਦਸਤ ਠੰਢ ਤੋਂ ਪੀੜਤ ਕਾਰਨ ਅਧਿਕਾਰੀਆਂ ਵੱਲੋਂ ਇਲਾਜ ਲਈ ਨੇੜਲੇ ਬਿੰਗਹੈਮਟਨ ਦੇ ਲੌਰਡਜ਼ ਹਸਪਤਾਲ ਲਿਜਾਇਆ ਗਿਆ।ਮੌਸਮ ਵਿਗਿਆਨੀਆਂ ਅਨੁਸਾਰ ਓਵੇਗੋ ਦੇ ਆਸਪਾਸ ਦਾ ਇਲਾਕਾ ਤੂਫ਼ਾਨ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਅਤੇ ਇਸ ਖੇਤਰ ਨੇ 40 ਇੰਚ ਤੋਂ ਜ਼ਿਆਦਾ ਬਰਫ਼ ਨਾਲ ਰਿਕਾਰਡ ਤੋੜੇ ਹਨ।ਇਸਦੇ ਇਲਾਵਾ ਸੂਬੇ ਵਿੱਚ ਪੁਲਿਸ ਨੇ ਤੂਫ਼ਾਨ ਦੇ ਬਾਅਦ 600 ਤੋਂ ਵੱਧ ਹਾਦਸਿਆਂ ਨੂੰ ਦਰਜ਼ ਕੀਤਾ, ਜਿਸ ਨਾਲ ਘੱਟੋ ਘੱਟ ਪੰਜ ਲੋਕਾਂ ਦੀ ਮੌਤ ਵੀ ਹੋਈ ਹੈ।