ਮੁਹਾਲੀ ਸੀਨੀਅਰ ਸਿਟੀਜਨ ਐਸੋਸੀਏਸ਼ਨ ਨੇ ਸਿਵਲ ਹਸਪਤਾਲ ਨੂੰ ਦਿੱਤੀ ਸੁਰਖਿਆ ਉਪਕਰਨਾਂ ਦੀ ਦੂਜੀ ਖੇਪ
ਐਸ.ਏ.ਐਸ.ਨਗਰ, 28 ਮਈ – ਪੰਜਾਬ ਵਿੱਚ ਕੋਰੋਨਾ ਦੀ ਮਹਾਮਾਰੀ ਦੇ ਪਸਾਰ ਦੀ ਹਾਲਤ ਪੂਰੀ ਤਰ੍ਹਾਂ ਕਾਬੂ ਹੇਠ ਹੈ ਪਰੰਤੂ ਇਸਦੇ ਬਾਵਜੂਦ ਇਸਦਾ ਖਤਰਾ ਪੂਰੀ ਤਰ੍ਹਾਂ ਬਣਿਆ ਹੋਇਆ ਹੈ ਅਤੇ ਪੂਰੇ ਵਿਸ਼ਵ ਵਿੱਚ ਇਸਦੇ ਮਰੀਜਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ| ਇਹ ਗੱਲ ਪੰਜਾਬ ਦੇ ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਸਿਵਲ ਹਸਪਤਾਲ ਵਿਖੇ ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵਲੋਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੂੰ ਪੀ ਪੀ ਈ ਕਿੱਟਾਂ ਅਤੇ ਹੋਰ ਸੁਰੱਖਿਆ ਉਪਕਰਣਾਂ ਦੀ ਦੂਜੀ ਕਿਸ਼ਤ ਸੌਂਪਣ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਖੀ| ਇਸ ਮੌਕੇ 100 ਪੀਪੀਈ ਕਿੱਟਾਂ, 100 ਐਨ 95/ਐਨ 99 ਪ੍ਰੋਟੈਕਟਿਵ ਮਾਸਕ, 100 ਸੈਨੇਟਾਈਜ਼ਰ ਬੋਤਲਾਂ (200 ਮਿ.ਲੀ.) ਅਤੇ 500 ਥ੍ਰੀ ਲੇਅਰ ਮਾਸਕ ਦਿੱਤੇ ਗਏ|
ਸ੍ਰ. ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਜਿਹੜੇ ਵਿਅਕਤੀ ਵੱਖ ਵੱਖ ਸੂਬਿਆਂ ਤੋ ਆ ਰਹੇ ਹਨ ਜਾਂ ਵਿਦੇਸ਼ਾਂ ਤੋਂ ਆ ਰਹੇ ਹਨ ਉਹਨਾਂ ਵਿੱਚ ਵਾਇਰਸ ਇਨਫੈਕਸ਼ਨ ਹੋ ਸਕਦਾ ਹੈ ਅਤੇ ਇਸ ਵੇਲੇ ਪੂਰੀ ਸਾਵਧਾਨੀ ਨਾਲ ਕੰਮ ਕਰਨ ਦੀ ਲੋੜ ਹੈ| ਉਹਨਾਂ ਕਿਹਾ ਕਿ ਪੰਜਾਬ ਵਿੱਚ ਕਮਿਊਨਿਟੀ ਸਪਰੈਡ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ|
ਪੱਤਰਕਾਰ ਮੇਜਰ ਸਿੰਘ ਦੀ ਪੁਲੀਸ ਵਲੋਂ ਕੀਤੀ ਗਈ ਕੁੱਟਮਾਰ ਦੇ ਮਾਮਲੇ ਵਿੱਚ ਹੁਣ ਤਕ ਪੁਲੀਸ ਅਧਿਕਾਰੀਆਂ ਤੇ ਮਾਮਲਾ ਦਰਜ ਨਾ ਹੋਣ ਸੰਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਮੇਜਰ ਸਿੰਘ ਦਾ ਇਸੇ ਹਸਪਤਾਲ ਵਿੱਚ ਇਲਾਜ ਹੋਇਆ ਹੈ ਅਤੇ ਉਸਦੀ ਮੈਡੀਕਲ ਰਿਪੋਰਟ ਦੇ ਆਧਾਰ ਤੇ ਅਗਲੀ ਕਾਨੂੰਨੀ ਕਾਰਵਾਈ ਵੀ ਜਰੂਰ ਹੋਵੇਗੀ|
ਇਸ ਮੌਕੇ ਸ੍ਰ. ਸਿੱਧੂ ਵਲੋਂ ਕੋਰੋਨਾ ਯੋਧਿਆਂ ਦੀ ਮਦਦ ਕਰਨ ਤੇ ਐਸੋਸੀਏਸ਼ਨ ਦੀ ਸ਼ਲਾਘਾ ਕੀਤੀ ਅਤੇ ਐਸੋਸੀਏਸ਼ਨ ਨੂੰ 51,000 ਰੁਪਏ ਦਾ ਚੈੱਕ ਭੇਂਟ ਕੀਤਾ ਗਿਆ| ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿੰਸੀਪਲ ਐਸ. ਚੌਧਰੀ, ਸ਼੍ਰੀ ਸੁਖਵਿੰਦਰ ਸਿੰਘ ਬੇਦੀ ਸਕੱਤਰ ਜਨਰਲ, ਸ਼੍ਰੀ ਜੀ.ਐਸ. ਬਿੰਦਰਾ ਸਕੱਤਰ ਪ੍ਰਸ਼ਾਸ਼ਨ, ਹਰਿੰਦਰ ਪਾਲ ਸਿੰਘ ਹੈਰੀ ਸਕੱਤਰ ਲੋਕ ਸੰਪਰਕ, ਰੁਪਿੰਦਰ ਕੌਰ ਅਤੇ ਵਿਜੇ ਲਕਸ਼ਮੀ ਸ਼ਾਰਦਾ ਸ਼ਾਮਿਲ ਸਨ|