ਨਵੀਂ ਦਿੱਲੀ, 28 ਮਈ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਇਕ ਵਾਰ ਫਿਰ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ| ਸੋਨੀਆ ਗਾਂਧੀ ਨੇ ਗੁਹਾਰ ਲਗਾਈ ਹੈ ਕਿ ਮੋਦੀ ਸਰਕਾਰ ਮਜ਼ਦੂਰਾਂ ਲਈ ਖਜ਼ਾਨਾ ਖੋਲ੍ਹੇ| ਸੋਨੀਆ ਨੇ ਕਿਹਾ, ”ਪਿਛਲੇ 2 ਮਹੀਨੇ ਕੋਰੋਨਾ ਵਾਇਰਸ ਕਾਰਨ ਪੂਰਾ ਦੇਸ਼ ਗੰਭੀਰ ਆਰਥਿਕ ਆਫਤ ਤੋਂ ਲੰਘ ਰਿਹਾ ਹੈ| ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਦਰਦ ਦਾ ਮੰਜ਼ਰ ਸਾਰਿਆਂ ਨੇ ਦੇਖਿਆ ਕਿ ਲੱਖਾਂ ਮਜ਼ਦੂਰ ਨੰਗੇ ਪੈਰੀ ਭੁੱਖੇ-ਪਿਆਸੇ ਹਜ਼ਾਰਾਂ ਕਿਲੋਮੀਟਰ ਪੈਦਲ ਤੁਰ ਕੇ ਘਰ ਜਾਣ ਲਈ ਮਜ਼ਬੂਰ ਹੋਏ| ਉਨ੍ਹਾਂ ਦੇ ਦਰਦ ਨੂੰ ਦੇਸ਼ ਦੇ ਹਰ ਦਿਲ ਨੇ ਸੁਣਿਆ ਪਰ ਸ਼ਾਇਦ ਸਰਕਾਰ ਨੇ ਨਹੀਂ|”
ਸੋਨੀਆ ਗਾਂਧੀ ਨੇ ਕਿਹਾ,”ਕਰੋੜਾਂ ਰੋਜ਼ਗਾਰ ਚੱਲੇ ਗਏ, ਲੱਖਾਂ ਧੰਦੇ ਬੰਦ ਹੋ ਗਏ, ਕਿਸਾਨ ਨੂੰ ਫਸਲ ਵੇਚਣ ਲਈ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪਈਆਂ| ਇਹ ਦਰਦ ਪੂਰੇ ਦੇਸ਼ ਨੇ ਝੱਲਿਆ ਪਰ ਸ਼ਾਇਦ ਸਰਕਾਰ ਨੂੰ ਇਸ ਦਾ ਅੰਦਾਜ਼ਾ ਨਹੀਂ ਹੋਇਆ| ਪਹਿਲੇ ਦਿਨ ਤੋਂ ਹੀ ਹਰ ਕਾਂਗਰਸੀਆਂ, ਅਰਥਸ਼ਾਸਤਰੀਆਂ ਅਤੇ ਸਮਾਜ ਦੇ ਹਰ ਤਬਕੇ ਨੇ ਕਿਹਾ ਕਿ ਇਹ ਸਮਾਂ ਅੱਗੇ ਵਧ ਕੇ ਜ਼ਖਮ ਤੇ ਮਰਹਮ ਲਗਾਉਣ ਦਾ ਹੈ|” ਮੋਦੀ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਸੋਨੀਆ ਨੇ ਕਿਹਾ,”ਕਿਸਾਨਾਂ, ਮਜ਼ਦੂਰਾਂ ਸਮੇਤ ਹਰ ਤਬਕੇ ਦੀ ਮਦਦ ਤੋਂ ਪਤਾ ਨਹੀਂ ਸਰਕਾਰ ਕਿਉਂ ਇਨਕਾਰ ਕਰ ਰਹੀ ਹੈ, ਇਸ ਲਈ ਕਾਂਗਰਸ ਦੇ ਸਾਥੀਆਂ ਨੇ ਫੈਸਲਾ ਲਿਆ ਹੈ ਕਿ ਭਾਰਤ ਦੀ ਆਵਾਜ਼ ਨੂੰ ਬੁਲੰਦ ਕਰਨ ਦੀ ਸਮਾਜਿਕ ਮੁਹਿੰਮ ਚਲਾਉਣੀ ਹੈ| ਸਾਡੀ ਕੇਂਦਰ ਤੋਂ ਅਪੀਲ ਹੈ ਕਿ ਉਹ ਖਜ਼ਾਨੇ ਦਾ ਤਾਲਾ ਖੋਲ੍ਹੇ ਅਤੇ ਜ਼ਰੂਰਤਮੰਦਾਂ ਨੂੰ ਰਾਹਤ ਦੇਵੇ|”
ਸੋਨੀਆ ਗਾਂਧੀ ਨੇ ਮੰਗ ਕੀਤੀ ਕਿ ਹਰ ਪਰਿਵਾਰ ਨੂੰ 6 ਮਹੀਨੇ ਤੱਕ ਹਰ ਮਹੀਨੇ 7500 ਰੁਪਏ ਕੈਸ਼ ਭੁਗਤਾਨ ਕਰੇ, ਉਨ੍ਹਾਂ ਵਿੱਚੋਂ 10 ਹਜ਼ਾਰ ਰੁਪਏ ਤੁਰੰਤ ਦੇਵੇ| ਇਸ ਦੇ ਨਾਲ ਹੀ ਮਜ਼ਦੂਰਾਂ ਨੂੰ ਮੁਫ਼ਤ ਅਤੇ ਸੁਰੱਖਿਅਤ ਯਾਤਰਾ ਦਾ ਇੰਤਜ਼ਾਮ ਕਰ ਕੇ ਘਰ ਪਹੁੰਚਾਏ ਅਤੇ ਉਨ੍ਹਾਂ ਲਈ ਰੋਜ਼ੀ-ਰੋਟੀ ਅਤੇ ਰਾਸ਼ਨ ਦਾ ਇੰਤਜ਼ਾਮ ਕਰੇ| ਮਨਰੇਗਾ ਵਿੱਚ 200 ਦਿਨ ਦਾ ਕੰਮ ਯਕੀਨੀ ਕਰੇ, ਜਿਸ ਨਾਲ ਪਿੰਡ ਵਿੱਚ ਹੀ ਰੋਜ਼ਗਾਰ ਮਿਲ ਸਕੇ|