ਅੰਮ੍ਰਿਤਸਰ, 16 ਨਵੰਬਰ 2021- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਪਾਰਲੀਮੈਂਟ, ਰਾਜਸਭਾ ਅਤੇ ਵਿਧਾਨ ਸਭਾ ਦੇ ਹਾਊਸ ਜਿਥੋਂ ਦੇਸ਼ ਤੇ ਕੌਮਾਂ ਨੂੰ ਕਾਨੂੰਨੀ, ਸਮਾਜਿਕ ਅਗਵਾਈ ਮਿਲਣੀ ਹੁੰਦੀ ਹੈ, ਜੰਗ ਦੇ ਅਖਾੜੇ ਬਣਦੀਆਂ ਜਾ ਰਹੀਆਂ ਹਨ। ਰਾਜਨੀਤਕ ਲੋਕ ਚਾਹੇ ਉਹ ਹਾਕਮ ਧਿਰ ਵਿੱਚ ਹਨ ਜਾਂ ਵਿਰੋਧੀ ਹੋਣ ਹਸਤਬਾਜੀ, ਗਾਲੀਗਲੋਚ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਸਭ ਮਾਨਤਾਵਾਂ ਨੂੰ ਭੁੱਲੀ ਜਾ ਰਹੇ ਹਨ ਜੋ ਬੇਹੱਦ ਅਫਸੋਸ ਜਨਕ ਹੈ।
ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਜਿਥੋ ਕਾਨੂੰਨ ਬਣ ਕੇ ਲੋਕ ਸੇਵਾ ਲਈ ਆਉਂਦੇ ਹੁੰਦੇ ਹਨ, ਉਹ ਲੋਕ ਭਲਾਈ ਦੀ ਥਾਂ ਲੋਕ ਮਾਰੂ ਨੀਤੀਆਂ ਧਾਰਨ ਕਰ ਰਹੇ ਹਨ। ਅੱਜ ਦਾ ਨਾਗਰਿਕ ਆਪਣੇ ਆਪ ਨੂੰ ਅਸੁਰੱਖਿਤ, ਦੱਬਿਆ ਕੁਚਲਿਆ ਮਹਿਸੂਸਦਾ ਹੈ, ਅਜ਼ਾਦੀ ਗਵਾਚਦੀ ਜਾ ਰਹੀ ਹੈ। ਰਾਜਨੀਤਕ ਲੋਕ ਵੋਟਾਂ ਕਿਵੇਂ ਪ੍ਰਾਪਤ ਕਰਨੀਆਂ ਹਨ, ਉਸ ਲਈ ਕਿਹੜੇ ਹੱਥ ਕੰਡੇ ਵਰਤਣੇ ਹਨ ਵੱਲ ਜਿਆਦਾ ਰੁਚਿਤ ਹਨ, ਅਮੀਰ ਮਾਨਤਾਵਾਂ ਤੇ ਪ੍ਰਰੰਪਰਾਂਵਾਂ ਦੇ ਕਤਲ ਹੋ ਰਹੇ ਹਨ।ਮੰਦਸ਼ਬਦਾਵਲੀ ਅਤੇ ਕੁਸ਼ਬਦਾਂ ਦਾ ਸਭਿਆਚਾਰ ਪਸਰ ਰਿਹਾ ਹੈ।ਵਿਧਾਨ ਸਭਾ ਅੰਦਰ ਕੁਰਸੀਆਂ ਇੱਕ ਦੂਜੇ ਵੱਲ ਸੁੱਟ ਕੇ ਤੋੜੀਆਂ ਜਾ ਰਹੀਆਂ ਹਨ, ਪੱਗਾਂ, ਦਸਤਾਰਾਂ ਨੂੰ ਹੱਥ ਪੈ ਰਹੇ ਹਨ।ਉਨ੍ਹਾਂ ਕਿਹਾ ਨਾ ਬਰਾਬਰੀ, ਨਾ ਫੁਰਮਾਨੀ ਵਰਗਾ ਮਾਹੌਲ ਉਸਾਰ ਲਿਆ ਜਾਂਦਾ ਹੈ।ਰਾਜਨੀਤਕ ਲੋਕ ਆਪਣਾ ਕਿਰਦਾਰ, ਵਿਵਹਾਰ ਲੋਕ ਮਾਡਲ ਰੂਪੀ ਬਣਾਉਣ ਦੀ ਬਜਾਏ ਗੁੰਡਾਗਰਦੀ, ਬੁਰੇ ਨਾਗਰਿਕਾਂ ਵਾਲਾ ਪੇਸ਼ ਕਰ ਰਹੇ ਹਨ ਜੋ ਸਮਾਜ ਲਈ ਖਤਰਨਾਕ ਹੈ।