ਸਰੀ – ਕੈਨੇਡਾ ਦੀ ਚੀਫ ਮੈਡੀਕਲ ਅਫਸਰ ਡਾਕਟਰ ਟੈਰੇਸਾ ਟੈਮ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਵੱਡੇ ਸੂਬਿਆਂ ਨੇ ਕੋਵਿਡ -19 ਨਾਲ ਸਬੰਧਤ ਪਾਬੰਦੀਆਂ ਨੂੰ ਤੁਰੰਤ ਸਖ਼ਤ ਨਾ ਕੀਤਾ ਤਾਂ ਕ੍ਰਿਸਮਸ ਦੇ ਦਿਨ ਤੱਕ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 14,410 ਤੋਂ 14,920 ਤੱਕ ਪਹੁੰਚ ਸਕਦੀ ਹੈ ਅਤੇ ਇਸ ਮਹੀਨੇ ਦੇ ਅਖੀਰ ਤੱਕ ਰੋਜ਼ਾਨਾ ਕੇਸਾਂ ਦੀ ਗਿਣਤੀ 10,000 ਤੱਕ ਪਹੁੰਚ ਸਕਦੀ ਹੈ।ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਕੋਵਿਡ -19 ਦੇ ਨਵੇਂ ਮਾਡਲਿੰਗ ਅੰਕੜੇ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਦੇਸ਼ ਵਿਚ ਵਾਇਰਸ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਖਾਸ ਕਰਕੇ ਵੱਡੀ ਉਮਰ ਦੇ ਪੀੜਤ ਲੋਕਾਂ ਦੀ ਵਧ ਰਹੀ ਗਿਣਤੀ ਬੇਹੱਦ ਗੰਭੀਰ ਹੈ ਅਤੇ ਲੌਂਗ ਟਰਮ ਕੇਅਰ ਹੋਮਜ਼ ਵਿੱਚ ਇਨਫੈਕਸ਼ਨ ਕੇਸ ਵਧਦੇ ਨਜ਼ਰ ਆ ਰਹੇ ਹਨ।ਅੰਕੜਿਆਂ ਅਨੁਸਾਰ ਅਲਬਰਟਾ, ਸਸਕੈਚਵਨ ਅਤੇ ਮੈਨੀਟੋਬਾ ਵਿਚ ਪੀੜਤ ਲੋਕਾਂ ਦੀ ਗਿਣਤੀ ਵਿਚ ਸਭ ਤੋਂ ਵੱਧ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਚੀਫ ਮੈਡੀਕਲ ਅਫਸਰ ਅਨੁਸਾਰ ਕੈਨੇਡਾ ਵਿਚ ਪੌਜ਼ਿਟਿਵ ਮਾਮਲਿਆਂ ਦੀ ਦਰ 6.5 ਫ਼ੀਸਦੀ ਹੈ, ਅਤੇ 99 ਵਿੱਚੋਂ 49 ਸਿਹਤ ਖੇਤਰਾਂ ਵਿੱਚ 100,000 ਅਬਾਦੀ ਪਿੱਛੇ 100 ਤੋਂ ਵੱਧ ਕੇਸ ਹਨ।