ਹਰਿਆਣਾ – ਖੇਤੀਬਾੜੀ ਕਾਨੂੰਨ ਨੂੰ ਲੈ ਕੇ ਜਾਰੀ ਕਿਸਾਨ ਅੰਦੋਲਨ ਦਰਮਿਆਨ ਹੁਣ ਸਰਕਾਰ ਵਿੱਚ ਖਤਰਾ ਮੰਡਰਾਉਂਦਾ ਦਿੱਸ ਰਿਹਾ ਹੈ| ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਅਗਵਾਈ ਵਾਲੀ ਸਰਕਾਰ ਵਿੱਚ ਸਹਿਯੋਗੀ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਨੇਤਾ ਅਤੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਸਰਕਾਰ ਨੂੰ ਚਿਤਾਵਨੀ ਦੇ ਦਿੱਤੀ ਹੈ| ਦੁਸ਼ਯੰਤ ਨੇ ਕਿਹਾ ਕਿਸਾਨਾਂ ਨੂੰ ਐਮ.ਐਸ.ਪੀ. ਜ਼ਰੂਰ ਮਿਲਣਾ ਚਾਹੀਦਾ| ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਇਸ ਨੂੰ ਸੁਰੱਖਿਅਤ ਨਾ ਰੱਖ ਸਕੇ ਤਾਂ ਅਸਤੀਫ਼ਾ ਦੇ ਦੇਵਾਂਗੇ| ਦੁਸ਼ਯੰਤ ਚੌਟਾਲਾ ਨੇ ਖੁੱਲ੍ਹੇਆਮ ਖੱਟੜ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ,”ਸਾਡੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਪਹਿਲੇ ਹੀ ਸਪੱਸ਼ਟ ਕਰ ਚੁਕੇ ਹਨ ਕਿ ਕਿਸਾਨਾਂ ਨੂੰ ਐਮ.ਐਸ.ਪੀ. ਮਿਲਣੀ ਹੀ ਚਾਹੀਦੀ ਹੈ| ਕੇਂਦਰ ਸਰਕਾਰ ਨੇ ਜੋ ਲਿਖਤੀ ਪ੍ਰਸਤਾਵ ਦਿੱਤੇ, ਉਸ ਵਿੱਚ ਐਮ.ਐਸ.ਪੀ. ਸ਼ਾਮਲ ਹੈ| ਮੈਂ ਜਦੋਂ ਤੱਕ ਉਪ ਮੁੱਖ ਮੰਤਰੀ ਹਾਂ, ਉਦੋਂ ਤੱਕ ਕਿਸਾਨਾਂ ਲਈ ਐਮ.ਐਸ.ਪੀ. ਯਕੀਨੀ ਕਰਨ ਦਾ ਕੰਮ ਕਰਾਂਗਾ| ਜੇਕਰ ਮੈਂ ਇਹ ਨਹੀਂ ਕਰ ਸਕਿਆ ਤਾਂ ਅਸਤੀਫ਼ਾ ਦੇ ਦੇਵਾਂਗਾ|”ਚੌਟਾਲਾ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਐਮ.ਐਸ.ਪੀ. ਦੀ ਲਿਖਤੀ ਗਾਰੰਟੀ ਸਵੀਕਾਰ ਕਰ ਲਈ ਹੈ| ਲਿਖਤੀ ਭਰੋਸਾ ਮਿਲਣ ਤੇ ਅਂਦੋਲਨ ਜਾਰੀ ਰੱਖਣ ਦਾ ਕੋਈ ਤਰਕ ਨਹੀਂ ਹੈ| ਚੌਟਾਲਾ ਨੇ ਕਿਹਾ ਕਿ ਉਹ ਕਿਸਾਨ ਪਹਿਲੇ ਹਨ ਅਤੇ ਜੇਕਰ ਕਿਸਾਨ ਨੂੰ ਉਸ ਦੀ ਹਰੇਕ ਫਸਲ ਲਈ ਐਮ.ਐਸ.ਪੀ. ਯਕੀਨੀ ਨਹੀਂ ਕਰ ਸਕਿਆ ਤਾਂ ਸਭ ਤੋਂ ਪਹਿਲਾਂ ਅਸਤੀਫ਼ਾ ਦੇ ਦੇਵਾਂਗਾ| ਹਾਲਾਂਕਿ ਜੇਜੇਪੀ ਵਿਧਾਇਕਾਂ ਦਾ ਇਕ ਧਿਰ ਦੁਸ਼ਯੰਤ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਿਹਾ ਹੈ| ਪਾਰਟੀ ਵਿੱਚ ਕਿਸਾਨ ਅੰਦੋਲਨ ਦਰਮਿਆਨ ਹਰਿਆਣਾ ਵਿੱਚ ਭਾਜਪਾ ਤੋਂ ਸਮਰਥਨ ਵਾਪਸ ਲੈਣ ਦੀ ਚਰਚਾ ਵੀ ਸ਼ੁਰੂ ਹੋ ਗਈ ਹੈ| 10 ਵਿੱਚੋਂ 7 ਜੇਜੇਪੀ ਵਿਧਾਇਕ ਪਹਿਲਾਂ ਹੀ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦਾ ਸਮਰਥਨ ਕਰ ਚੁੱਕੇ ਹਨ|