ਸਰੀ – ਕੈਨੇਡਾ ਸਿਹਤ ਵਿਭਾਗ ਨੇ ਅੱਜ ਫਾਈਜ਼ਰ ਕੋਵਿਡ-19 ਵੈਕਸੀਨ ਨੂੰ ਮਨਜੂਰੀ ਦੇ ਦਿੱਤੀ ਹੈ ਅਤੇ ਯੂ.ਕੇ ਅਤੇ ਬਹਿਰੀਨ ਤੋਂ ਬਾਦ ਕੈਨੇਡਾ ਦੁਨੀਆਂ ਦਾ ਤੀਸਰਾ ਮੁਲਕ ਬਣ ਗਿਆ ਹੈ ਜਿਸ ਨੇ ਫਾਈਜ਼ਰ ਵੈਕਸੀਨ ਨੂੰ ਮਨਜੂਰੀ ਦਿੱਤੀ ਹੈ।ਅੱਜ ਇਸ ਫੈਸਲੇ ਤੋ ਜਾਣੂ ਕਰਵਾਉਂਦਿਆਂ ਵੈਕਸੀਨ ਅਪਰੇਸ਼ਨ ਦੇ ਵਾਈਸ ਪ੍ਰੈਜੀਡੈਂਟ ਮੇਜਰ ਜਨਰਲ ਡੈਨੀ ਫੋਰਟਿਨ ਨੇ ਦੱਸਿਆ ਕਿ ਫਾਈਜ਼ਰ ਵੈਕਸੀਨ ਸ਼ੁਕਰਵਾਰ ਤੱਕ ਫਾਈਜ਼ਰ ਦੇ ਬੈਲਜੀਅਮ ਪਲਾਂਟ ਤੋਂ ਕੈਨੇਡਾ ਪੁੱਜ ਜਾਵੇਗੀ ਅਤੇ ਸੋਮਵਾਰ ਤੱਕ ਇਸ ਟੀਕੇ ਦੀ ਸ਼ੁਰੂਆਤ ਸੰਭਵ ਹੈ। ਕੈਨੇਡਾ ਨੂੰ ਦਸੰਬਰ ਦੇ ਅੰਤ ਤੱਕ 249,000 ਵੈਕਸੀਨ ਡੋਜ਼ਜ ਮਿਲਣ ਦੀ ਉਮੀਦ ਹੈ ਅਤੇ ਨਵੇਂ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਕੈਨੇਡਾ ਨੂੰ 6 ਮਿਲੀਅਨ ਡੋਜ਼ਜ ਪ੍ਰਾਪਤ ਹੋਣਗੀਆਂ।ਕੈਨੇਡਾ ਦੀ ਮੁੱਖ ਸਿਹਤ ਸਲਾਹਕਾਰ ਡਾ. ਸੁਪ੍ਰਿਆ ਸ਼ਰਮਾ ਨੇ ਦੱਸਿਆ ਕਿ ਲਗਪਗ 2 ਮਹੀਨੇ ਦੀ ਕਲੀਨੀਕਲ ਜਾਂਚ ਪੜਤਾਲ ਉਪਰੰਤ ਫਾਈਜ਼ਰ ਵੈਕਸੀਨ ਨੂੰ ਮਨਜੂਰੀ ਦਿੱਤੀ ਗਈ ਹੈ ਜਿਸ ਦੇ ਨਤੀਜੇ 95 ਪ੍ਰਤੀਸ਼ਤ ਸਹੀ ਹਨ। ਜਾਂਚ ਦੌਰਾਨ ਪਾਇਆ ਹੈ ਕਿ ਫਾਈਜ਼ਰ ਵੈਕਸੀਨ ਦੇ ਕੋਈ ਖਾਸ ਸਾਈਡ ਅਫੈਕਟ ਨਹੀ ਹਨ। ਉਹਨਾਂ ਕਿਹਾ ਕਿ ਇਹ ਕੈਨੇਡਾ ਲਈ ਇਤਿਹਾਸਕ ਪਲ ਹਨ ਅਤੇ ਹੁਣ ਲੋਕਾਂ ਉਪਰ ਨਿਰਭਰ ਹੈ ਕਿ ਉਹ ਇਸ ਤੇ ਕਿੰਨੂ ਕੁ ਯਕੀਨ ਕਰਦੇ ਹਨ।ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਪਾਰਲੀਮੈਂਟ ਵਿਚ ਜਾਣਕਾਰੀ ਸਾਂਝੀ ਕਰਦਿਆਂ ਫਾਈਜ਼ਰ ਵੈਕਸੀਨ ਦੀ ਮਨਜੂਰੀ ਨੂੰ ਇਕ ਵੱਡੀ ਘਟਨਾ ਦੱਸਿਆ। ਉਹਨਾਂ ਕਿਹਾ ਕਿ ਇਸ ਨਾਲ ਕਰੋਨਾ ਮਹਾਂਮਾਰੀ ਦੇ ਖਾਤਮੇ ਲਈ ਆਸ਼ਾ ਦੀ ਕਿਰਨ ਦਿਖਾਈ ਦਿੰਦੀ ਹੈ।ਇਸੇ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ਨੂੰ ਪਹਿਲੀ ਸ਼ਿਪਮੈਂਟ ਵਿੱਚੋ 4000 ਡੋਜ਼ਜ ਮਿਲਣ ਦੀ ਉਮੀਦ ਹੈ ਜੋ ਕਿ 2000 ਲੋਕਾਂ ਲਈ ਕਾਫੀ ਹੋਵੇਗੀ। ਸਭ ਤੋ ਪਹਿਲਾਂ ਇਹ ਵੈਕਸੀਨ ਬਜ਼ੁਰਗਾਂ ਅਤੇ ਫਰੰਟ ਲਾਈਨ ਉਪਰ ਕੰਮ ਕਰਨ ਵਾਲੇ ਹੈਲਥ ਵਰਕਰਾਂ ਨੂੰ ਮਿਲੇਗੀ। ਇਹ ਵੈਕਸੀਨ ਦੀ 16 ਸਾਲ ਤੋ ਉਪਰ ਹਰ ਵਿਅਕਤੀ ਨੂੰ ਤਿੰਨ ਹਫਤਿਆਂ ਦੇ ਵਕਫੇ ਵਿਚ ਦੋ ਡੋਜ ਦੀ ਜ਼ਰੂਰਤ ਹੈ।